ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ‘ਵਿਕਸਤ ਭਾਰਤ-ਗਾਰੰਟੀ ਫ਼ਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ)’ (ਜੀ ਰਾਮ ਜੀ) ਸਕੀਮ ਪੰਜਾਬ 2026 ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਇਸ ਲਿਹਾਜ਼ ਨਾਲ ਬੇਹੱਦ ਹੈਰਾਨੀਜਨਕ ਹੈ, ਕਿਉਂਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿੱਚ ਇਸ ਯੋਜਨਾ ਦਾ ਸਰਬਸੰਮਤੀ ਨਾਲ ਤਿੱਖਾ ਵਿਰੋਧ ਕੀਤਾ ਗਿਆ ਸੀ। ਇਸ ਤਾਜ਼ਾ ਨੋਟੀਫਿਕੇਸ਼ਨ ਦੇ ਜਾਰੀ ਹੋਣ ਨਾਲ ਹੁਣ ਕੇਂਦਰ ਸਰਕਾਰ ਦਾ ਇਹ ਨਵਾਂ ਪੇਂਡੂ ਰੁਜ਼ਗਾਰ ਕਾਨੂੰਨ 1 ਜੁਲਾਈ ਤੋਂ ਪੂਰੇ ਸੂਬੇ ਵਿੱਚ ਅਧਿਕਾਰਤ ਤੌਰ ‘ਤੇ ਲਾਗੂ ਹੋ ਜਾਵੇਗਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਸਕੀਮ ਦਾ ਮੁੱਖ ਮਕਸਦ ਪੰਜਾਬ ਦੇ ਪੇਂਡੂ ਵਿਕਾਸ ਢਾਂਚੇ ਨੂੰ ਕੇਂਦਰ ਸਰਕਾਰ ਦੇ ‘ਵਿਕਸਤ ਭਾਰਤ-2047’ ਦੇ ਰਾਸ਼ਟਰੀ ਵਿਜ਼ਨ ਦੇ ਅਨੁਕੂਲ ਬਣਾਉਣਾ ਹੈ। ਇਸ ਦੇ ਤਹਿਤ ਹੁਣ ਪੇਂਡੂ ਪਰਵਾਰਾਂ ਦੇ ਬਾਲਗ ਮੈਂਬਰਾਂ ਨੂੰ, ਜੋ ਸਰੀਰਕ ਮਿਹਨਤ (ਅਣਕੁਸ਼ਲ ਕੰਮ) ਕਰਨ ਦੇ ਇੱਛੁਕ ਹਨ, ਹਰ ਵਿੱਤੀ ਸਾਲ ਵਿੱਚ 125 ਦਿਨਾਂ ਦੇ ਰੁਜ਼ਗਾਰ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ।
10 ਆਧੁਨਿਕ ਪਿਸਤੌਲਾਂ ਸਣੇ ਚਾਰ ਕਾਬੂ
ਛੇਹਰਟਾ/ਅੰਮ੍ਰਿਤਸਰ (ਮਨੋਜ ਕੁਮਾਰ/ਸ਼ਸ਼ਪਾਲ ਸਿੰਘ/ਜਸਬੀਰ ਪੱਟੀ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਨੈੱਟਵਰਕ ਦਾ ਪਰਦਾ ਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ 10 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਵੀ ਸਿੰਘ (33) ਤੇ ਸ਼ਰਨਬੀਰ ਸਿੰਘ ਉਰਫ਼ ਸੰਨੀ (31) ਦੋਵੇਂ ਵਾਸੀ ਪਿੰਡ ਮਹਾਵਾ (ਅੰਮ੍ਰਿਤਸਰ), ਮਨਪ੍ਰੀਤ ਸਿੰਘ ਉਰਫ਼ ਮੰਨੂ (21) ਵਾਸੀ ਪਿੰਡ ਨਿਹਾਲਾ ਕਿਲਚਾ, ਫਿਰੋਜ਼ਪੁਰ ਤੇ ਪਿੱਪਲ ਸਿੰਘ (22) ਵਾਸੀ ਪਿੰਡ ਫਤਿਹਵਾਲਾ ਹਿਠਾੜ, ਫਿਰੋਜ਼ਪੁਰ ਵਜੋਂ ਹੋਈ ਹੈ। ਬਰਾਮਦ ਹਥਿਆਰਾਂ ਵਿਚ ਤਿੰਨ .30 ਬੋਰ (ਮੇਡ ਇਨ ਚਾਈਨਾ), ਇਕ 9 ਐੱਮ ਐੱਮ ਗਲਾਕ (ਮੇਡ ਇਨ ਆਸਟਰੀਆ), ਇਕ ਹੋਰ 9 ਐੱਮ ਐੱਮ ਪਿਸਤੌਲ, ਪੰਜ .30 ਬੋਰ ਪਿਸਤੌਲ ਤੇ ਨੌਂ ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਸ ਟੀਮਾਂ ਨੇ ਮੁਲਜ਼ਮਾਂ ਦੇ ਦੋ ਮੋਟਰਸਾਈਕਲ ਵੀ ਜ਼ਬਤ ਕਰ ਲਏ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਚਾਰੇ ਮੁਲਜ਼ਮ ਕੌਮੀ ਸਰਹੱਦ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ।




