ਜਲੰਧਰ (ਗਿਆਨ ਸੈਦਪੁਰੀ)
ਰੋਜ਼ਾਨਾ ‘ਨਵਾਂ ਜ਼ਮਾਨਾ’ ਪਰਵਾਰ ਨੂੰ ਉਸ ਵੇਲੇ ਹੋਰ ਇੱਕ ਡੂੰਘੇ ਸਦਮੇ ਵਿੱਚੋਂ ਗੁਜ਼ਰਨਾ ਪਿਆ, ਜਦੋਂ ਪਿਛਲੇ 25-26 ਸਾਲ ਤੋਂ ਕੰਪਿਊਟਰ ਅਪਰੇਟਰ ਵਜੋਂ ਸੇਵਾਵਾਂ ਨਿਭਾਅ ਰਹੇ ਗਿਆਨ ਚੰਦ (53) ਸਦੀਵੀ ਵਿਛੋੜਾ ਦੇ ਗਏ। 5-6 ਦਿਨ ਪਹਿਲਾਂ ਸਿਹਤ ਨਾਸਾਜ਼ ਹੋਣ ਕਾਰਨ ਪਰਵਾਰ ਵੱਲੋਂ ਉਨ੍ਹਾ ਨੂੰ ਮਕਸੂਦਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਸਿਹਤ ਵਿੱਚ ਸੁਧਾਰ ਨਾ ਹੁੰਦਾ ਵੇਖ ਕੇ ਉਨ੍ਹਾ ਨੂੰ ਜਲੰਧਰ ਦੇ ਇੱਕ ਨਾਮੀ ਨਿੱਜੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾ ਨੂੰ ਬਚਾਇਆ ਨਾ ਜਾ ਸਕਿਆ। 26 ਜੂਨ (ਸ਼ੁੱਕਰਵਾਰ) ਦੀ ਅੱਧੀ ਕੁ ਰਾਤ ਨੂੰ ਉਨ੍ਹਾ ਆਖਰੀ ਸਾਹ ਲਿਆ। ਮਰਹੂਮ ਗਿਆਨ ਚੰਦ ਆਪਣੇ ਪਿੱਛੇ ਪਤਨੀ ਕਿਰਨ ਤੇ ਪੁੱਤਰ ਬ੍ਰਦੇਸ਼ ਭਾਰਦਵਾਜ ਛੱਡ ਗਏ ਹਨ। ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਅਤੇ ‘ਨਵਾਂ ਜ਼ਮਾਨਾ’ ਦੇ ਸਟਾਫ਼ ਮੈਂਬਰ ਪਿੰਡ ਮੰਡ ਮੌੜ, ਨੇੜੇ ਕਿਸ਼ਨਗੜ੍ਹ (ਜਲੰਧਰ) ਪਹੁੰਚੇ। ਇਨ੍ਹਾਂ ਸਭਨਾਂ ਨੇ ਪਰਵਾਰ ਨਾਲ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨ੍ਹਾ ਦੀ ਪਤਨੀ ਅਤੇ ਬੇਟੇ ਨੂੰ ਢਾਰਸ ਦਿੰਦਿਆਂ ਵਿਸ਼ਵਾਸ਼ ਦਿਵਾਇਆ ਕਿ ‘ਨਵਾਂ ਜ਼ਮਾਨਾ’ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਅੰਗ-ਸੰਗ ਰਹੇਗਾ।
ਇਸ ਮੌਕੇ ਚੰਦ ਫਤਿਹਪੁਰੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਗੁਰਮੀਤ ਤੇ ਸਟਾਫ਼ ਵੱਲੋਂ ਗਿਆਨ ਚੰਦ ਦੀ ਮ੍ਰਿਤਕ ਦੇਹ ‘ਤੇ ਲੋਈ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਨਿੱਚਰਵਾਰ ਬਾਅਦ ਦੁਪਹਿਰ ਪਿੰਡ ਮੰਡ ਮੌੜ ਵਿਖੇ ਗਿਆਨ ਚੰਦ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾ ਦੇ ਬੇਟੇ ਬ੍ਰਜੇਸ਼ ਭਾਰਦਵਾਜ (ਵਿੱਕੀ) ਨੇ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਅਰਜਨ ਸਿੰਘ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ ਦੇ ਟਰੱਸਟੀ ਡਾ. ਜਸ ਮੰਡ, ਰਮਨਜੀਤ ਮੰਡ, ਕਾਂਗਰਸੀ ਆਗੂ ਰਮੇਸ਼ ਕੁਮਾਰ, ਕਪਿਲ ਦੇਵ, ਪਿੰਡ ਨਿਵਾਸੀ ਤੇ ਰਿਸ਼ਤੇਦਾਰ ਮੌਜੂਦ ਸਨ।
ਪਰਵਾਰਕ ਸੂਤਰਾਂ ਅਨੁਸਾਰ ਗਿਆਨ ਚੰਦ ਨਮਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਅੰਤਮ ਅਰਦਾਸ 4 ਜੁਲਾਈ (ਸਨਿੱਚਰਵਾਰ) ਨੂੰ ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਮੰਡ ਮੌੜ ਵਿੱਚ ਹੋਵੇਗੀ।





