ਮੋਗਾ (ਇਕਬਾਲ ਸਿੰਘ ਖਹਿਰਾ)
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਵੱਲੋਂ ਕਿਰਤੀਆਂ ਦੇ ਮਹਾਨ ਆਗੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ 23ਵੀਂ ਬਰਸੀ ਬੜੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ, ਜਿਸ ਵਿੱਚ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਤੋਂ ਰੋਡਵੇਜ਼ ਕਾਮੇ, ਪੈਨਸ਼ਨਰ ਸਾਥੀ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਭ ਤੋਂ ਪਹਿਲਾਂ ਆਈ ਹੋਈ ਆਗੂ ਟੀਮ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਤਸਵੀਰ ‘ਤੇ ਫੁੱਲ ਮਲਾਵਾਂ ਭੇਟ ਕਰਦਿਆਂ ਆਪਣੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਿਰਤ ਦੀ ਧਿਰ ਦਾ ਚੇਤਨ, ਨਿਡਰ, ਦੂਰਅੰਦੇਸ਼ ਅਤੇ ਸਮਰੱਥ ਆਗੂ ਸੀ, ਜਿਸ ਦੇ ਬੇਵਕਤੀ ਵਿਛੋੜੇ ਨਾਲ ਰੋਡਵੇਜ਼ ਕਾਮਿਆਂ, ਟਰੇਡ ਯੂਨੀਅਨ ਲਹਿਰ ਅਤੇ ਸਮੁੱਚੀ ਕਿਰਤ ਦੀ ਜਮਾਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅੱਜ ਦੇ ਸਮੇਂ ਵਿੱਚ ਉਹਨਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਉਨ੍ਹਾ ਤੇ ਉਨ੍ਹਾ ਦੇ ਸਾਥੀਆਂ ਵੱਲੋਂ ਚਲਾਏ ਜਾ ਰਹੇ ਮਿਸ਼ਨ ਨੂੰ ਸਿਧਾਂਤ ਦੀ ਰੌਸ਼ਨੀ ਵਿੱਚ ਅੱਗੇ ਵਧਾਇਆ ਜਾਵੇ। ਉਹਨਾ ਕਿਹਾ ਕਿ ਅੱਜ ਜਦੋਂ ਪੈਦਾਵਾਰ ਦੇ ਸਾਧਨ ਏ ਆਈ ਤੱਕ ਪਹੁੰਚ ਗਏ ਹਨ, ਜਿਸ ਵਿੱਚ ਮਨੁੱਖੀ ਕਿਰਤ ਦੀ ਲੋੜ ਲਗਾਤਾਰ ਘਟ ਰਹੀ ਹੈ, ਇਸ ਮੌਕੇ ਲੋੜ ਹੈ ਕੰਮ ਤੋਂ ਬਾਹਰ ਕੀਤੇ ਲੋਕਾਂ ਨੂੰ ਕੰਮ ਵਿੱਚ ਲੈ ਕੇ ਜਾਣ ਲਈ ਕਾਨੂੰਨੀ ਤੌਰ ‘ਤੇ ਕੰਮ ਦਿਹਾੜੀ ਸਮਾਂ ਘਟਾ ਕੇ ਛੇ ਘੰਟੇ ਕੀਤਾ ਜਾਵੇ, ਪਰ ਵਿੱਤੀ ਸਰਮਾਏ ਦੀਆਂ ਹਦਾਇਤਾਂ ਮੁਤਾਬਕ ਰਾਜ ਕਰਦੀਆਂ ਸਰਮਾਏਦਾਰ ਪਾਰਟੀਆਂ ਕੰਮ ਸਮੇਂ ਨੂੰ 12 ਘੰਟੇ ਤੱਕ ਲਿਜਾ ਰਹੀਆਂ ਹਨ, ਜਿਸ ਨਾਲ ਕਿ ਪਹਿਲਾਂ ਹੀ ਵਿਆਪਕ ਬੇਰੁਜ਼ਗਾਰੀ ਹੋਰ ਵਧੇਗੀ ਅਤੇ ਸਮਾਜ ਵਿੱਚ ਪਾਈਆਂ ਜਾ ਰਹੀਆਂ ਅਲਾਮਤਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਲੁੱਟਾਂਖੋਹਾਂ ਹੋਰ ਵਧਣ ਦੀ ਸੰਭਾਵਨਾ ਹੈ। ਅੱਜ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਵਾਉਣ ਵਿੱਚ ਦੇਸ਼ ਦੀ ਨਿਆਂ ਪ੍ਰਣਾਲੀ ਵੀ ਹਿੱਸਾ ਪਾ ਰਹੀ ਹੈ।ਹੁਣ ਵੇਲਾ ਹੈ ਕਿ ਕਾਮਰੇਡ ਸੰਧੂ ਦੀ ਸੋਚ ‘ਤੇ ਚੱਲਣ ਵਾਲੀ ਧਿਰ ਨੂੰ ਤਕੜਾ ਕਰਕੇ ਲੋਕ ਵਿਰੋਧੀ ਸਰਮਾਏ ਦੀ ਧਿਰ ਨੂੰ ਪਛਾੜਿਆ ਜਾਵੇ, ਤਾਂ ਜੋ ਕਿ ਸਾਡੇ ਗੁਰੂਆਂ, ਸ਼ਹੀਦਾਂ ਦੇ ਸੁਪਨਿਆਂ ਵਾਲਾ ਸਮਾਜਵਾਦੀ ਪ੍ਰਬੰਧ ਸਿਰਜਿਆ ਜਾ ਸਕੇ।
ਸਾਬਕਾ ਮੁਲਾਜ਼ਮ ਆਗੂ ਚਰਨ ਸਿੰਘ ਸਰਾਭਾ ਅਤੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਪਬਲਿਕ ਸੈਕਟਰ ਦਾ ਭੋਗ ਪਾ ਰਹੀਆਂ ਹਨ ਤਾਂ ਇਸ ਮੌਕੇ ਸਮੂਹ ਮੁਲਾਜ਼ਮਾਂ, ਮਜ਼ਦੂਰਾਂ ਨੂੰ ਇਕੱਠਾ ਕਰਕੇ ਪਬਲਿਕ ਸੈਕਟਰ ਨੂੰ ਬਚਾਉਣ ਦੀ ਲੋੜ ਹੈ। ਇਸ ਲਈ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਸੋਚ ਤੋਂ ਅਗਵਾਈ ਲੈਣਾ ਸਮੇਂ ਦੀ ਲੋੜ ਹੈ।
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਪਹਿਲਾਂ ਵੋਟਰ ਸਰਕਾਰਾਂ ਚੁਣਦੇ ਸਨ, ਪਰ ਹੁਣ ਅਸੀਂ ਅਜਿਹੇ ਦੌਰ ਵਿੱਚ ਚਲੇ ਗਏ ਹਾਂ, ਜਦੋਂ ਸਰਕਾਰਾਂ ਵੋਟਰ ਚੁਣਦੀਆਂ ਹਨ ਤਾਂ ਜੋ ਹਰ ਕਿਸਮ ਦਾ ਧੱਕਾ ਵਰਤ ਕੇ ਦੇਸ਼ ਦੀ ਸੱਤਾ ‘ਤੇ ਕਬਜ਼ਾ ਕੀਤਾ ਜਾ ਸਕੇ ਅਤੇ ਆਪਣੇ ਪਿੱਛੇ ਕੰਮ ਕਰਦੇ ਸਰਮਾਏ ਦੇ ਹਿੱਤ ਦੀਆਂ ਨੀਤੀਆਂ ਬਣਾਈਆਂ ਜਾ ਸਕਣ। ਭੋਲਾ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿਚੋਂ 6 ਕਰੋੜ ਦੇ ਕਰੀਬ ਵੋਟਾਂ ਕੱਟ ਦਿੱਤੀਆਂ ਹਨ।
ਸਰਬ ਭਾਰਤ ਨੌਜਵਾਨ ਸਭਾ ਦੇ ਨੈਸ਼ਨਲ ਜਨਰਲ ਸਕੱਤਰ ਸੁਖਜਿੰਦਰ ਸਿੰਘ ਮਹੇਸਰੀ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਲਈ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਇਕੱਠੇ ਹੋਣਾ ਪਵੇਗਾ। ਸਟੇਜ ਦੀ ਕਾਰਵਾਈ ਸੁਰਿੰਦਰ ਸਿੰਘ ਬਰਾੜ ਨੇ ਬਾਖੂਬੀ ਨਿਭਾਈ। ਅੰਤ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।ਇਸ ਦੌਰਾਨ ਬੂਟਾ ਸਿੰਘ ਭੱਟੀ, ਭੁਪਿੰਦਰ ਸਿੰਘ ਸੇਖੋਂ, ਗੁਰਮੇਲ ਸਿੰਘ ਨਾਹਰ, ਬਲਕਾਰ ਸਿੰਘ ਵਲਟੋਹਾ, ਗੁਰਜੰਟ ਸਿੰਘ ਕੋਕਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਚਿੱਤਰ ਸਿੰਘ ਧੋਥੜ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਮੈਡਲੇ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸਵਰਨ ਸਿੰਘ ਖੋਸਾ, ਸਵਰਨ ਸਿੰਘ ਹਠੂਰ, ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਅੰਗਰੇਜ਼ ਸਿੰਘ ਮੁਕਤਸਰ ਤੇ ਜਗਸੀਰ ਸਿੰਘ ਖੋਸਾ ਵੀ ਸ਼ਾਮਲ ਸਨ।





