ਜਲੰਧਰ (ਗਿਆਨ ਸੈਦਪੁਰੀ)
‘ਅੱਜਕੱਲ੍ਹ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਤ ਕਰਨ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਹੋਰ ਕੂੜ-ਪ੍ਰਚਾਰ ਵਾਂਗ ਇਹ ਵੀ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰਨ ਦਾ ਇੱਕ ਤਰੀਕਾ ਹੈ। ਹਿਟਲਰ ਅਤੇ ਗੌਡਸੇ ਦੇ ਪੈਰੋਕਾਰ ਮਹਾਰਾਜਾ ਰਣਜੀਤ ਸਿੰਘ ਦੇ ਅਨੁਯਾਈ ਨਹੀਂ ਹੋ ਸਕਦੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਹ ਸੀ ਪੀ ਆਈ ਵੱਲੋਂ ਪੰਜਾਬ ਦੇ ਮਸਲਿਆਂ ‘ਤੇ ਨਿੱਠ ਕੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦੇ ਸਿਲਸਲੇ ਤਹਿਤ ਐਤਵਾਰ ਨੂੰ ਜ਼ਿਲ੍ਹਾ ਜਲੰਧਰ ਦੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹਿੰਦੂਤਵ ਦੇ ਪ੍ਰਚਾਰ-ਪ੍ਰਸਾਰ ਦੇ ਸਬੱਬ ਨਾਲ ਹੀ ਹਿੰਦੂ ਭਾਈਚਾਰੇ ਨੂੰ ਗੁੰਮਰਾਹ ਕਰਨ ਦੇ ਆਹਰ ਵਿੱਚ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਦੇਸ਼ ਵਿੱਚ ਕਰੋੜਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਵਿੱਚ ਹਿੰਦੂ ਭਾਈਚਾਰਾ ਸ਼ਾਮਲ ਹੈ। ਜਦੋਂ ਉਹ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾਂਦਾ ਹੈ। ਪਿਛਲੇ ਸਮੇਂ ਦਿੱਲੀ ਦੀਆਂ ਬਰੂਹਾਂ ‘ਤੇ ਲੜਿਆ ਤੇ ਜਿੱਤਿਆ ਗਿਆ ਕਿਸਾਨ ਅੰਦੋਲਨ ਸਭ ਦੇ ਸਾਹਮਣੇ ਹੈ। ਉਸ ਅੰਦੋਲਨ ਵਿੱਚ ਸਭ ਜਾਤਾਂ ਤੇ ਧਰਮਾਂ ਦੇ ਲੋਕ ਸ਼ਾਮਲ ਸਨ। ਇਨ੍ਹਾਂ ਸਭਨਾਂ ਨੂੰ ਭਾਜਪਾ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ। ਕਮਿਊਨਿਸਟ ਆਗੂ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਕਿਸੇ ਵੀ ਧਰਮ ਜਾਂ ਮਜ਼ਹਬ ਦੀ ਰਖਵਾਲੀ ਨਹੀਂ ਹੈ। ਇਹ ਤਾਂ ਸਿਰਫ਼ ਅਡਾਨੀਆਂ-ਅੰਬਾਨੀਆਂ ਦੀ ਹੇਜ਼ਲੀ ਹੈ, ਜਿਨ੍ਹਾਂ ਦਾ ਧਰਮ ਭਾਰਤ ਦੇ ਜਲ, ਜੰਗਲ ਤੇ ਜ਼ਮੀਨ ‘ਤੇ ਕਬਜ਼ਾ ਕਰਨਾ ਹੈ।
ਬਰਾੜ ਨੇ ਕਿਹਾ ਕਿ ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਚੋਣ ਕਮਿਸ਼ਨ ਦੀ ਮਿਲੀਭੁਗਤ ਅਤੇ ਹਰ ਕਿਸਮ ਦੇ ਛਲਾਵੇ ਨਾਲ ਭਾਜਪਾ ਨੇ ਸੱਤਾ ਹਥਿਆਈ ਹੈ। ਇਹੋ ਫਾਰਮੂਲਾ ਪੰਜਾਬ ਵਿੱਚ ਵਰਤਣ ਦੀ ਤਿਆਰੀ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ, ਸਰਾਭਾ ਤੇ ਸਾਡੇ ਊਧਮ ਸਿੰਘ ਨੇ ਕੁਰਬਾਨੀਆਂ ਦਿੱਤੀਆਂ। ਇਤਿਹਾਸ ਕੂਕ-ਕੂਕ ਕੇ ਦੱਸਦਾ ਹੈ ਕਿ ਉਨ੍ਹਾਂ ਸਮਿਆਂ ‘ਚ ਆਰ ਐੱਸ ਐੱਸ ਵਾਲੇ ਅੰਗਰੇਜ਼ ਭਗਤ ਵੀਰ ਸਾਵਰਕਰ ਨੇ ਜੇਲ੍ਹ ਤੋਂ ਬਾਹਰ ਆਉਣ ਲਈ ਅੰਗਰੇਜ਼ ਸਰਕਾਰ ਕੋਲੋਂ 10 ਵਾਰ ਮਾਫ਼ੀ ਮੰਗੀ ਸੀ। ਇਹੀ ਸਾਵਰਕਰ ਇਨ੍ਹਾਂ ਦਾ ਸਭ ਤੋਂ ਵੱਡਾ ਆਗੂ ਮੰਨਿਆ ਜਾਂਦਾ ਹੈ। ਕਮਿਊਨਿਸਟ ਆਗੂ ਨੇ ਪੰਜਾਬ ਨੂੰ ਦਰਪੇਸ਼ ਅਹਿਮ ਮਸਲਿਆਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾ ਕਿਹਾ ਕਿ ਪੰਜਾਬ ਦੇ ਮਸਲੇ ਨਜਿੱਠਣ ਲਈ ਜਿੱਥੇ ਸਮੂਹ ਪੰਜਾਬੀਆਂ ਨੂੰ ਗੰਭੀਰ ਹੋਣਾ ਪਵੇਗਾ, ਉੱਥੇ ਕਮਿਊਨਿਸਟ ਧਿਰਾਂ ਨੂੰ ਵੱਡੀ ਲੜਾਈ ਦੇਣੀ ਪਵੇਗੀ। ਕਾਮਰੇਡ ਬਰਾੜ ਨੇ ਇਨ੍ਹੀਂ ਦਿਨੀਂ ਝੋਨੇ, ਮੱਕੀ ਦੇ ਕੰਮ ਦਾ ਭਰ ਸੀਜ਼ਨ ਤੇ ਅੱਤ ਦੀ ਗਰਮੀ ਵਿੱਚ ਕਨਵੈਨਸ਼ਨ ਵਿੱਚ ਤਸੱਲੀਬਖਸ਼ ਗਿਣਤੀ ਵਿੱਚ ਸ਼ਾਮਲ ਹੋਣ ਲਈ ਜਲੰਧਰ ਦੇ ਕਾਮਰੇਡਾਂ ਦੀ ਪ੍ਰਸੰਸਾ ਕੀਤੀ।
ਕਾਮਰੇਡ ਸੰਤੋਸ਼ ਬਰਾੜ, ਗਿਆਨ ਸੈਦਪੁਰੀ ਤੇ ਮਨਦੀਪ ਦੀਪੂ ਦੀ ਪ੍ਰਧਾਨਗੀ ਵਿੱਚ ਹੋਈ ਕਨਵੈਨਸ਼ਨ ਨੂੰ ਕਾਮਰੇਡ ਹਰਜਿੰਦਰ ਸਿੰਘ ਮੌਜੀ, ਕਾਮਰੇਡ ਰਣਜੀਤ ਸਿੰਘ ਔਲਖ, ਕਾਮਰੇਡ ਸੰਤੋਸ਼ ਬਰਾੜ, ਕਾਮਰੇਡ ਵੀਰ ਕੁਮਾਰ, ਪਲਵਿੰਦਰ ਫਲਪੋਤਾ, ਕਾਮਰੇਡ ਸੁਨੀਲ ਕੁਮਾਰ ਤੇ ਸਿਕੰਦਰ ਸੰਧੂ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਚਲਾਈ। ਕਨਵੈਨਸ਼ਨ ਉਪਰੰਤ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨਦੀਪ ਦੀਪੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਕਾਮਰੇਡ ਪਰਮਜੀਤ ਸਿੰਘ ਸਮਰਾਏ, ਤਰਸੇਮ ਜੰਡਿਆਲਾ, ਰਜਿੰਦਰ ਕੁਮਾਰ ਹੈਪੀ, ਪਰਮਜੀਤ ਤਰਕਸ਼ੀਲ, ਨਿਰਮਲ ਦੇਵੀ, ਕਸ਼ਮੀਰ ਕੁਰੈਸ਼ੀ, ਮਹਿੰਦਰ ਸਿੰਘ ਘੋੜਾਬਾਹੀ, ਸਵਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।



