ਨਵੀਂ ਦਿੱਲੀ : ਪ੍ਰੀਖਿਆ ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਲਈ ਇੱਥੇ ਜੰਤਰ-ਮੰਤਰ ‘ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਇੱਕ ਦਿਨ ਬਾਅਦ, ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਨੇ ਸੋਮਵਾਰ ਦੇਸ਼-ਭਰ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਰਾਜਧਾਨੀ ਦੀ ਯਾਤਰਾ ਕਰਨ ਵਿੱਚ ਅਸਮਰੱਥ ਹਨ ਤਾਂ ਆਪਣੇ ਸ਼ਹਿਰਾਂ ਤੇ ਪਿੰਡਾਂ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਕਰਕੇ ਵਿਰੋਧ ਪ੍ਰਦਰਸ਼ਨ ਨੂੰ ਦੇਸ਼ਵਿਆਪੀ ਅੰਦੋਲਨ ਵਿੱਚ ਬਦਲਣ। ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਵਾਂਗਚੁੱਕ ਨੇ ਲੋਕਾਂ ਨੂੰ ਇਹ ਕਹਿੰਦਿਆਂ ਸਰੀਰਕ ਜਾਂ ਪ੍ਰਤੀਕਾਤਮਕ ਤੌਰ ‘ਤੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਕਿ ਉਠਾਏ ਜਾ ਰਹੇ ਮੁੱਦੇ ਇੱਕ ਵਿਰੋਧ ਸਥਾਨ ਤੋਂ ਪਰ੍ਹੇ ਹਨ।
ਦੋ ਕੁ ਦਿਨਾਂ ‘ਚ ਪਤਾ ਲੱਗ ਜਾਊ : ਸਿੰਗਲਾ
ਬਠਿੰਡਾ : ਸਾਬਕਾ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵਿਜੇ ਇੰਦਰ ਸਿੰਗਲਾ ਨੇ ਸੋਮਵਾਰ ਕਿਹਾ ਕਿ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਸੰਗਠਨ ਬਾਰੇ ਫੈਸਲੇ ਦਾ ਐਲਾਨ ਅਗਲੇ ਦੋ-ਤਿੰਨ ਦਿਨਾਂ ਵਿੱਚ ਹੋ ਸਕਦਾ ਹੈ। ਹਾਲਾਂਕਿ, ਉਨ੍ਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਵਿੱਚ ਸੰਭਾਵਤ ਬਦਲਾਅ ਬਾਰੇ ਅਟਕਲਾਂ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਿੰਗਲਾ ਨੇ ਕਿਹਾ ਕਿ ਚੋਣਾਂ ਦੌਰਾਨ ਕਈ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ, ਜਿਸ ਵਿੱਚ ਮੈਨੀਫੈਸਟੋ ਕਮੇਟੀ, ਪ੍ਰਚਾਰ ਕਮੇਟੀ, ਚੋਣ ਪ੍ਰਬੰਧਨ ਕਮੇਟੀ ਅਤੇ ਮੀਡੀਆ ਕਮੇਟੀ ਸ਼ਾਮਲ ਹਨ। ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ ਤਾਂ ਜੋ ਸੰਗਠਨ ਚੋਣਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇ। ਪ੍ਰਧਾਨ ਦੇ ਅਹੁਦੇ ਲਈ ਸੰਭਾਵਤ ਉਮੀਦਵਾਰਾਂ ਬਾਰੇ ਪੁੱਛਿਆ ਗਿਆ ਤਾਂ ਸਿੰਗਲਾ ਨੇ ਕਿਹਾ, ”ਮੈਂ ਇੱਕ ਪਾਰਟੀ ਵਰਕਰ ਹਾਂ ਅਤੇ ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪਦੀ ਹੈ, ਮੈਂ ਉਸ ਨੂੰ ਪੂਰੇ ਦਿਲ ਨਾਲ ਨਿਭਾਉਂਦਾ ਹਾਂ।”



