ਯੂਰੀਆ ਘੁਟਾਲੇ ‘ਚ ਸੱਤ ਅਫਸਰ ਚਾਰਜਸ਼ੀਟ

0
7

ਚੰਡੀਗੜ੍ਹ (ਨ ਜ਼ ਸ)
ਪੰਜਾਬ ਸਰਕਾਰ ਨੇ ਯੂਰੀਆ ਘੁਟਾਲੇ ਦੀ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਾਰਕਫੈੱਡ ਤੇ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗਰੇਡ ਯੂਰੀਆ ਦੀ ਥਾਂ ਕੈਟਲ ਫੀਡ ਸਨਅਤਾਂ ‘ਚ ਖੇਤੀ ਸਬਸਿਡੀ ਵਾਲੇ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਜਾਂਚ ਕਰਨਗੇ। ਉਹ ਅਣਗਹਿਲੀ ਲਈ ਜ਼ਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ‘ਕਾਰਵਾਈ ਰਿਪੋਰਟ’ ਸਰਕਾਰ ਨੂੰ ਸੌਂਪਣਗੇ।
ਸਰਕਾਰ ਨੇ ਇਸ ਮਾਮਲੇ ‘ਚ ਸੱਤ ਵੱਡੇ ਅਫਸਰਾਂ ਨੂੰ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਦੋ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤੀ ਸਬਸਿਡੀ ਵਾਲੇ ਯੂਰੀਆ ਨੂੰ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ ਚਾਰ ਕੈਟਲ ਫੀਡ ਫੈਕਟਰੀਆਂ ‘ਚ ਸਪਲਾਈ ਕਰਨ ਦੇ ਇਸ ਘੁਟਾਲੇ ਦੇ ਬੇਪਰਦ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਦੇ ਹੁਕਮ ਜਾਰੀ ਕੀਤੇ। ਸੱਤ ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ ਇੱਕ ਅਧਿਕਾਰੀ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਹਰ ਪੱਧਰ ‘ਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ, ਕਰਮਚਾਰੀ ਜਾਂ ਸੰਸਥਾ ਨੂੰ ਛੱਡਿਆ ਨਹੀਂ ਜਾਵੇਗਾ।
ਸਰਕਾਰ ਨੇ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੈਸਰਜ਼ ਮਨੀਸ਼ਾ ਟਰੇਡਿੰਗ ਕੰਪਨੀ ਨਵੀਂ ਦਿੱਲੀ ਅਤੇ ਮੈਸਰਜ਼ ਏ ਐੱਮ ਕੈਮੀਕਲ ਸੋਨੀਪਤ ਵਿਰੁੱਧ ਕਾਰਵਾਈ ਲਈ ਮਾਮਲਾ ਜਾਂਚ ਅਤੇ ਕਾਰਵਾਈ ਲਈ ਕ੍ਰਮਵਾਰ ਪ੍ਰਿੰਸੀਪਲ ਕਮਿਸ਼ਨਰ, ਸੀ ਜੀ ਐੱਸ ਟੀ ਨਵੀਂ ਦਿੱਲੀ ਤੇ ਪੰਚਕੂਲਾ ਨੂੰ ਭੇਜ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਦੀ ਰਿਪੋਰਟ ‘ਤੇ ਸਰਕਾਰ ਅਗਲੀ ਕਾਰਵਾਈ ਕਰੇਗੀ।
ਮਿਲਕਫੈੱਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ (ਏ ਐਚ) ਤੇ ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ (ਖਰੀਦ ਅਤੇ ਭੰਡਾਰਨ)/ ਇੰਚਾਰਜ (ਐੱਫ ਐਂਡ ਏ) ਤੇ ਸੀਨੀਅਰ ਸਹਾਇਕ ਵਿਰੁੱਧ ‘ਮੇਜਰ ਪੈਨਲਟੀ’ ਚਾਰਜਸ਼ੀਟ ਜਾਰੀ ਕੀਤੀ ਹੈ। ਇਸੇ ਤਰ੍ਹਾਂ ਮਾਰਕਫੈੱਡ ਦੇ ਚੀਫ਼ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਜਦੋਂ ਕਿ ਜਨਰਲ ਮੈਨੇਜਰ, ਸੀਨੀਅਰ ਅਕਾਊਂਟਸ ਅਫਸਰ ਤੇ ਸੀਨੀਅਰ ਸਹਾਇਕ (ਕਮਰਸ਼ੀਅਲ) ਵਿਰੁੱਧ ‘ਮੇਜਰ ਪੈਨਲਟੀ’ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਸੰਬੰਧਤ ਸੀਨੀਅਰ ਸਹਾਇਕ (ਕਮਰਸ਼ੀਅਲ) ਦਾ ਪ੍ਰਸ਼ਾਸਕੀ ਹਿੱਤ ਵਿੱਚ ਤਬਾਦਲਾ ਵੀ ਕਰ ਦਿੱਤਾ ਹੈ। ਇਸੇ ਦੌਰਾਨ ਕਰ ਵਿਭਾਗ ਨੇ ਮੈਸਰਜ਼ ਇੰਡੋ ਆਰਗੈਨਿਕ ਗਿੱਦੜਬਾਹਾ ਦੀ ਕਾਰੋਬਾਰ ਵਾਲੀ ਜਗ੍ਹਾ ਦੀ ਚੈਕਿੰਗ ਕੀਤੀ ਅਤੇ ਫਰਮ ਨੂੰ ਵਿੱਤੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਸਪਲਾਈ ਕੀਤੀ ਗਈ ਸਮੱਗਰੀ ਜੀ ਐੱਸ ਟੀ ਦਸਤਾਵੇਜ਼ਾਂ ਵਿੱਚ ਐਲਾਨੇ ਉਤਪਾਦ ਦੀ ਬਜਾਏ ਕਥਿਤ ਤੌਰ ‘ਤੇ ਨਿੰਮ ਕੋਟੇਡ ਯੂਰੀਆ ਸੀ, ਜਿਸ ਨਾਲ ਗਲਤ ਘੋਸ਼ਣਾ, ਇਨਪੁੱਟ ਟੈਕਸ ਕ੍ਰੈਡਿਟ ਦਾ ਗਲਤ ਲਾਭ ਲੈਣ/ਪਾਸਿੰਗ ਅਤੇ ਸਰਕਾਰ ਦੁਆਰਾ ਸਬਸਿਡੀ ਵਾਲੀ ਖਾਦ ਦੀ ਸੰਭਾਵਤ ਦੁਰਵਰਤੋਂ ਦਾ ਸ਼ੱਕ ਪੈਦਾ ਹੁੰਦਾ ਹੈ। ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਮਾਰਕਫੈੱਡ ਨੂੰ ਪੰਜਾਬ ਵਿੱਚ ਟੈਕਨੀਕਲ ਗਰੇਡ ਯੂਰੀਆ ਦੀ ਖਰੀਦ ਅਤੇ ਸਪਲਾਈ ਲਈ ਨੋਡਲ ਏਜੰਸੀ ਬਣਾਉਣ ਵਾਸਤੇ ਲੋੜੀਂਦੀ ਕਾਰਵਾਈ ਸ਼ੁਰੂ ਕਰਨ। ਚੇਤੇ ਰਹੇ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ 5.91 ਰੁਪਏ ਪ੍ਰਤੀ ਕਿੱਲੋ ਸਬਸਿਡੀ ਵਾਲੀ ਖਾਦ ਨੂੰ 61 ਰੁਪਏ ਪ੍ਰਤੀ ਕਿੱਲੋ ਟੈਕਨੀਕਲ ਗਰੇਡ ਵਾਲੀ ਖਾਦ ਦਾ ਲੇਬਲ ਲਾ ਕੇ ਸਹਿਕਾਰੀ ਸਨਅਤਾਂ ਨੂੰ ਸਪਲਾਈ ਦਿੱਤੀ ਜਾ ਰਹੀ ਸੀ।