ਐੱਸ ਆਈ ਆਰ ਵੈਰੀਫਿਕੇਸ਼ਨ ਲਾਜ਼ਮੀ : ਅਮਨ ਅਰੋੜਾ

0
6

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀਰਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਹਰ ਯੋਗ ਵੋਟਰ ਨੂੰ ਆਪਣੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭ ਮਿਲਦੇ ਰਹਿਣ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਨਾਂਅ ਵੋਟਰ ਸੂਚੀ ਵਿੱਚ ਬਰਕਰਾਰ ਰਹਿਣ। ਉਨ੍ਹਾ ਕਿਹਾ, “ਭਗਵੰਤ ਮਾਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਈ ਲੋਕ-ਪੱਖੀ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਯੋਗ ਲਾਭਪਾਤਰੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਮਿਲਦੇ ਰਹਿਣ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਹਰ ਅਸਲੀ ਵੋਟਰ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੇ ਅਤੇ ਆਪਣੀ ਵੋਟ ਨੂੰ ਸੁਰੱਖਿਅਤ ਕਰੇ।”ਇਸ ਸੁਧਾਰ ਪ੍ਰਕਿਰਿਆ ‘ਤੇ ਚਿੰਤਾ ਪ੍ਰਗਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਦੂਜੇ ਰਾਜਾਂ ਵਿੱਚ ਰਾਜਨੀਤਕ ਲਾਭ ਲਈ ਅਜਿਹੇ ਅਭਿਆਸਾਂ ਦੀ ਦੁਰਵਰਤੋਂ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਆਪ’ ਨਹੀਂ ਚਾਹੁੰਦੀ ਕਿ ਪੰਜਾਬ ਵਿੱਚ ਇੱਕ ਵੀ ਅਸਲੀ ਵੋਟਰ ਆਪਣੀ ਵੋਟ ਦਾ ਅਧਿਕਾਰ ਖੋਹਵੇ।
ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਸ ਨੂੰ ਸਿਰਫ਼ ਇੱਕ ਵੋਟਰ ਵੈਰੀਫਿਕੇਸ਼ਨ ਪ੍ਰਕਿਰਿਆ ਵਜੋਂ ਨਾ ਦੇਖਣ, ਬਲਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਜਨਤਕ ਸੇਵਾਵਾਂ ਤੱਕ ਆਪਣੀ ਨਿਰੰਤਰ ਪਹੁੰਚ ਨੂੰ ਸੁਰੱਖਿਅਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਲੈਣ।ਅਮਨ ਅਰੋੜਾ ਨੇ ਅੱਗੇ ਜਾਣਕਾਰੀ ਦਿੱਤੀ ਕਿ ‘ਆਪ’ ਨੇ ਨਾਗਰਿਕਾਂ ਨੂੰ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰਨ ਲਈ ਪੂਰੇ ਪੰਜਾਬ ਵਿੱਚ ਬੂਥ ਪੱਧਰ ਦੇ ਏਜੰਟ (ਬੀ ਐੱਲ ਏ-1 ਅਤੇ ਬੀ ਐੱਲ ਏ-2) ਤਾਇਨਾਤ ਕੀਤੇ ਹਨ। ਉਨ੍ਹਾ ਕਿਹਾ, ‘ਆਪ’ ਕਾਰਜਕਰਤਾ ਬੂਥ ਪੱਧਰ ‘ਤੇ ਵੋਟਰਾਂ ਦੀ ਕਿਸੇ ਵੀ ਦਸਤਾਵੇਜ਼ੀ ਜਾਂ ਪ੍ਰਕਿਰਿਆ ਸੰਬੰਧੀ ਲੋੜਾਂ ਵਿੱਚ ਮਦਦ ਕਰਨ ਲਈ ਉਪਲੱਬਧ ਹਨ ਤਾਂ ਜੋ ਕੋਈ ਵੀ ਅਸਲੀ ਵੋਟ ਕੱਟੀ ਨਾ ਜਾ ਸਕੇ।