ਸ਼ੁੱਧ ਪੈਟਰੋਲ 82 ਰੁਪਏ ਲੀਟਰ ਮਿਲੇ: ਕੇਜਰੀਵਾਲ

0
3

ਨਵੀਂ ਦਿੱਲੀ (ਨ ਜ਼ ਸ): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ 102 ਰੁਪਏ ਪ੍ਰਤੀ ਲੀਟਰ ਵਿਕ ਰਹੇ ਈ-20 ਬਲੈਂਡਡ ਪੈਟਰੋਲ ਦੀ ਕੀਮਤ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ੁੱਧ ਪੈਟਰੋਲ 82 ਰੁਪਏ ਪ੍ਰਤੀ ਲੀਟਰ ਮਿਲਣਾ ਚਾਹੀਦਾ ਹੈ, ਪਰ ਸਰਕਾਰ ਲੋਕਾਂ ਨੂੰ 102 ਰੁਪਏ ਪ੍ਰਤੀ ਲੀਟਰ ਈ-20 ਪੈਟਰੋਲ ਦੇ ਰਹੀ ਹੈ। ਅੰਤਰ ਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਹੈ। ਇਸ ਕੀਮਤ ‘ਤੇ ਪੈਟਰੋਲ ਬਣਾਉਣ ਦੀ ਲਾਗਤ 42 ਰੁਪਏ ਬੈਠਦੀ ਹੈ। ਜੇਕਰ ਸਾਰਾ ਟੈਕਸ ਜੋੜ ਦਿੱਤਾ ਜਾਵੇ ਤਾਂ ਵੀ 82 ਰੁਪਏ ਵਿੱਚ ਸ਼ੁੱਧ ਪੈਟਰੋਲ ਅਤੇ 70 ਰੁਪਏ ਵਿੱਚ ਈ-20 ਮਿਲਣਾ ਚਾਹੀਦਾ ਹੈ। ਇਸੇ ਹਿਸਾਬ ਨਾਲ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਹੋਣੀਆਂ ਚਾਹੀਦੀਆਂ ਹਨ।ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਰੇਟ ਦਾ ਮਹਿੰਗਾਈ ‘ਤੇ ਸਿੱਧਾ ਅਸਰ ਪੈਂਦਾ ਹੈ। ਰੇਟ ਘੱਟ ਹੁੰਦੇ ਹੀ ਮਹਿੰਗਾਈ ਘੱਟ ਜਾਵੇਗੀ। ਪਹਿਲਾਂ ਵੀ ਤੇਲ ਕੰਪਨੀਆਂ ਨੇ 77 ਹਜ਼ਾਰ ਕਰੋੜ ਦਾ ਮੁਨਾਫਾ ਕਮਾਇਆ ਸੀ ਅਤੇ ਹੁਣ ਫਿਰ ਕਮਾ ਰਹੀਆਂ ਹਨ, ਪਰ ਕੁਝ ਦਿਨ ਚੱਲੀ ਜੰਗ ਦਾ ਬਹਾਨਾ ਬਣਾ ਕੇ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਨਾਲ ਮਹਿੰਗਾਈ ‘ਤੇ ਬਹੁਤ ਵੱਡੀ ਸੱਟ ਵੱਜੇਗੀ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਪੈਟਰੋਲ ਅਤੇ ਡੀਜ਼ਲ ਟਰਾਂਸਪੋਰਟ ਨੂੰ ਪ੍ਰਭਾਵਿਤ ਕਰਦੇ ਹਨ, ਟਰਾਂਸਪੋਰਟ ਸਸਤੀ ਹੋਣ ਨਾਲ ਸਾਰੀਆਂ ਚੀਜ਼ਾਂ ਦੇ ਰੇਟਾਂ ਵਿੱਚ ਕਮੀ ਆਵੇਗੀ । ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਅਨੁਸਾਰ ਜੰਗ ਦੌਰਾਨ ਤੇਲ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਹੁਣ ਮੁਨਾਫਾ ਕਮਾ ਕੇ ਪੂਰੀ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਇਹ ਦਲੀਲ ਬਿਲਕੁਲ ਗਲਤ ਹੈ। 2014 ਤੋਂ ਲੈ ਕੇ ਅੱਜ ਤੱਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਛੇ ਵਾਰ ਕੱਚੇ ਤੇਲ ਦੀ ਕੀਮਤ ਕਾਫੀ ਘੱਟ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਨੇ ਦੇਸ਼ ਵਿੱਚ ਪੈਟਰੋਲ ਦੀ ਕੀਮਤ ਨਹੀਂ ਘਟਾਈ।