ਜਹਾਜ਼ ‘ਤੇ ਹੋਏ ਹਮਲੇ ‘ਚ 10 ਭਾਰਤੀ ਵਾਲ-ਵਾਲ ਬਚੇ, ਇੱਕ ਲਾਪਤਾ

0
7

ਓਮਾਨ : ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਤੜਕੇ ਓਮਾਨ ਦੇ ਸਮੁੰਦਰੀ ਤੱਟ ਨੇੜੇ ਇੱਕ ਵਪਾਰਕ ਜਹਾਜ਼ ਜੀ ਐੱਫ ਐੱਸ ਗਲੈਕਸੀ’ ‘ਤੇ ਹੋਏ ਹਮਲੇ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਲਾਪਤਾ ਹੈ। ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਜਹਾਜ਼ ‘ਤੇ ਸਵਾਰ 11 ਭਾਰਤੀ ਨਾਗਰਿਕਾਂ ਵਿੱਚੋਂ 10 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦ ਕਿ ਇੱਕ ਭਾਰਤੀ ਨਾਗਰਿਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਮੰਤਰਾਲੇ ਨੇ ਅੱਗੇ ਦੱਸਿਆ ਕਿ ਓਮਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਲਾਪਤਾ ਭਾਰਤੀ ਦੀ ਭਾਲ ਲਈ ਓਮਾਨ ਦੇ ਅਧਿਕਾਰੀਆਂ ਨਾਲ ਮਿਲ ਕੇ ਲਗਾਤਾਰ ਸਰਚ ਅਤੇ ਰੈਸਕਿਊ (ਬਚਾਅ) ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ, ਈਰਾਨ ਨੇ ਇਸ ਮਾਮਲੇ ‘ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਗ਼ੈਰ-ਮਨਜ਼ੂਰਸ਼ੁਦਾ ਰੂਟ (ਰਾਹ) ‘ਤੇ ਜਾ ਰਹੇ ਜਹਾਜ਼ ਨੂੰ ਰੋਕਣ ਲਈ ਚਿਤਾਵਨੀ ਵਜੋਂ ਫਾਇਰਿੰਗ ਕੀਤੀ ਸੀ, ਜੋ ਕਿ ਜਹਾਜ਼ ‘ਤੇ ਜਾ ਲੱਗੀ।
ਟੋਰਾਂਟੋ ਮੇਲੇ ਦੌਰਾਨ ਗੋਲੀਬਾਰੀ ‘ਚ 2 ਮੌਤਾਂ ਤੇ 5 ਜ਼ਖ਼ਮੀ
ਟੋਰਾਂਟੋ : ਇੱਥੇ ਸ਼ਨੀਵਾਰ ਰਾਤ ਲਾਤੀਨੀ ਅਮਰੀਕੀ ਸੱਭਿਆਚਾਰ ਨੂੰ ਸਮਰਪਿਤ ਪ੍ਰਸਿੱਧ ‘ਸਾਲਸਾ ਆਨ ਸੇਂਟ ਕਲੇਰ’ ਮੇਲੇ ਦੌਰਾਨ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦ ਕਿ ਪੰਜ ਜ਼ਖ਼ਮੀ ਹੋ ਗਏ। ਪੁਲਸ ਦੀ ਤਰਜਮਾਨ ਸ਼ੈਨਨ ਈਮਜ਼ ਮੁਤਾਬਕ ਇਹ ਖ਼ੂਨੀ ਝੜਪ ਸੇਂਟ ਕਲੇਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਦੇ ਨੇੜੇ ਵਾਪਰੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲਾਈਵ ਮਿਊਜ਼ਿਕ, ਡਾਂਸ ਅਤੇ ਲਾਤੀਨੀ ਖਾਣਿਆਂ ਦਾ ਆਨੰਦ ਮਾਣ ਰਹੇ ਸਨ।
ਤਾਜ ਹੋਟਲ ਨੂੰ ਉਡਾਉਣ ਦੀ ਧਮਕੀ
ਮੁੰਬਈ : ਐਤਵਾਰ ਦੁਪਹਿਰ ਨੂੰ ਮਸ਼ਹੂਰ ਤਾਜ ਮਹਿਲ ਪੈਲੇਸ ਹੋਟਲ ਵਿੱਚ ਬੰਬ ਹੋਣ ਦੀ ਧਮਕੀ ਤੋਂ ਤੁਰੰਤ ਬਾਅਦ ਹੋਟਲ ਦੀ ਇਮਾਰਤ ਅਤੇ ਆਲੇ-ਦੁਆਲੇ ਦੇ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਸ ਨੂੰ ਫ਼ੋਨ ਕਾਲ ਆਈ ਸੀ ਕਿ ਤਾਜ ਮਹਿਲ ਪੈਲੇਸ ਹੋਟਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਪਰ ਤਲਾਸ਼ੀ ਦੌਰਾਨ ਧਮਕੀ ਮਹਿਜ਼ ਅਫ਼ਵਾਹ ਸਾਬਤ ਹੋਈ।
ਆਸਟ੍ਰੇਲੀਆ ‘ਚ ਭਾਰਤੀ ਟਰੱਕ ਡਰਾਈਵਰਾਂ ਨੂੰ ਵਿਤਕਰੇ ਦਾ ਸਾਹਮਣਾ
ਸਿਡਨੀ : ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੇ ਦੇਸ਼ ਦੇ ਮਾਲ ਉਦਯੋਗ ਵਿੱਚ ਕੰਮ ਕਰਦੇ ਸਮੇਂ ਨਸਲਵਾਦ, ਜ਼ੁਬਾਨੀ ਦੁਰਵਿਵਹਾਰ ਅਤੇ ਇੱਥੋਂ ਤੱਕ ਕਿ ਮੌਤ ਦੀਆਂ ਧਮਕੀਆਂ ਦੀਆਂ ਵਾਰ-ਵਾਰ ਘਟਨਾਵਾਂ ਦਾ ਸਾਹਮਣਾ ਕਰਨ ਬਾਰੇ ਗੱਲ ਕੀਤੀ ਹੈ। ਏ ਬੀ ਸੀ ਨਿਊਜ਼ ਆਸਟਰੇਲੀਆ ਦੀ ਰਿਪੋਰਟ ਵਿਚ ਕਈ ਭਾਰਤੀ ਮੂਲ ਦੇ ਡਰਾਈਵਰਾਂ ਦੇ ਤਜਰਬੇ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਹਨ ਕਿ ਭਾਰੀ ਵਾਹਨ ਚਾਲਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਸਟਰੇਲੀਆ ਦੀ ਪ੍ਰਵਾਸੀ ਕਾਮਿਆਂ ‘ਤੇ ਵਧ ਰਹੀ ਨਿਰਭਰਤਾ ਦੇ ਬਾਵਜੂਦ ਵਿਤਕਰਾ ਇੱਕ ਨਿਯਮਤ ਹਿੱਸਾ ਬਣ ਗਿਆ ਹੈ। ਉਨ੍ਹਾਂ ਨੂੰ ਨਸਲੀ ਗਾਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪੱਗ ਪਹਿਨਣ ਲਈ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਕੰਮ ਵਾਲੀ ਥਾਂ ‘ਤੇ ਛੋਟੀਆਂ ਗਲਤੀਆਂ ਤੋਂ ਬਾਅਦ ਵਾਰ-ਵਾਰ ‘ਵਾਪਸ ਜਾਣ’ ਲਈ ਕਿਹਾ ਜਾਂਦਾ ਹੈ। ਬਹੁਤ ਸਾਰੇ ਪ੍ਰਵਾਸੀ ਕਾਮਿਆਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਘਟਨਾਵਾਂ ਦੀ ਰਿਪੋਰਟ ਕਰਨ ਨਾਲ ਕਾਰਵਾਈ ਹੋਵੇਗੀ।