ਜਿਨ੍ਹਾਂ ਨੇ ਫਾਰਮ ਜਮ੍ਹਾਂ ਨਹੀਂ ਕਰਾਏ ਬੀ ਐੱਲ ਓ ਨੂੰ ਤੁਰੰਤ ਮਿਲਣ : ਮਿੱਤਰਾ

0
8

ਚੰਡੀਗੜ੍ਹ (ਗੁਰਜੀਤ ਬਿੱਲਾ)-ਪੰਜਾਬ ਦੀ ਮੁੱਖ ਚੋਣ ਅਫਸਰ ਅਨਿੰਦਿਤਾ ਮਿੱਤਰਾ ਨੇ ਐਤਵਾਰ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਦੇ ਹਿੱਸੇ ਵਜੋਂ ਪੂਰੇ ਸੂਬੇ ਵਿੱਚ ਦੋ ਦਿਨਾਂ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਪੰਜਾਬ ਦੇ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਵੋਟਰ ਫਾਰਮ ਜਮ੍ਹਾਂ ਕਰਵਾਏ ਹਨ। ਇਹ ਵਿਸ਼ੇਸ਼ ਕੈਂਪ 11 ਅਤੇ 12 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਦੇ ਸਾਰੇ ਪੋਲਿੰਗ ਬੂਥਾਂ ‘ਤੇ ਲਗਾਏ ਗਏ ਸਨ, ਜਿੱਥੇ ਵੋਟਰਾਂ ਨੇ ਆਪਣੇ ਮੁਕੰਮਲ ਕੀਤੇ ਫਾਰਮ ਬੂਥ ਲੈਵਲ ਅਫਸਰਾਂ (ਬੀ ਐੱਲ ਓਜ਼) ਕੋਲ ਜਮ੍ਹਾਂ ਕਰਵਾਏ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਪਿਛਲੇ 18 ਦਿਨਾਂ ਦੌਰਾਨ 1.30 ਕਰੋੜ ਤੋਂ ਵੱਧ ਵੋਟਰ ਪਹਿਲਾਂ ਹੀ ਆਪਣੇ ਫਾਰਮ ਜਮ੍ਹਾਂ ਕਰਵਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਬੂਥ ਲੈਵਲ ਅਫਸਰਾਂ ਵੱਲੋਂ ਘਰ-ਘਰ ਜਾ ਕੇ ਫਾਰਮ ਇਕੱਠੇ ਕਰਨ ਦਾ ਕੰਮ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਮੁਹਿੰਮ 24 ਜੁਲਾਈ ਤੱਕ ਲਗਾਤਾਰ ਜਾਰੀ ਰਹੇਗੀ। ਉਨ੍ਹਾ ਵੋਟਰਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਜਿਨ੍ਹਾਂ ਅਜੇ ਤੱਕ ਆਪਣੇ ਫਾਰਮ ਜਮ੍ਹਾਂ ਨਹੀਂ ਕਰਵਾਏ, ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਆਪਣੇ ਸੰਬੰਧਤ ਬੀ ਐੱਲ ਓ ਨਾਲ ਸੰਪਰਕ ਕਰਨ। ਉਨ੍ਹਾ ਸਪੱਸ਼ਟ ਕੀਤਾ ਕਿ 3 ਅਗਸਤ ਨੂੰ ਪ੍ਰਕਾਸ਼ਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਨਾਂਅ ਸ਼ਾਮਲ ਕਰਨਾ ਯਕੀਨੀ ਬਣਾਉਣ ਲਈ ਸਮੇਂ ਸਿਰ ਫਾਰਮ ਜਮ੍ਹਾਂ ਕਰਵਾਉਣਾ ਬੇਹੱਦ ਜ਼ਰੂਰੀ ਹੈ।