ਲੋਕ ਹਿੱਤਾਂ ਦੀ ਰਾਖੀ ਲਈ ਪਹਿਰਾ ਦੇਣਾ ਜ਼ਰੂਰੀ : ਧਾਲੀਵਾਲ

0
6

ਚੰਡੀਗੜ੍ਹ (ਗੁਰਜੀਤ ਬਿੱਲਾ)
ਸੀ ਪੀ ਆਈ ਚੰਡੀਗੜ੍ਹ ਦੀ ਜ਼ਿਲ੍ਹਾ ਕੌਸਲ ਵੱਲੋਂ ਅਜੇ ਭਵਨ, ਚੰਡੀਗੜ੍ਹ ਵਿਖੇ ‘ਪੰਜਾਬ ਦੇ ਭਖਦੇ ਮਸਲੇ’ ਉਤੇ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ।ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਨਿਰਮਲ ਸਿੰਘ ਧਾਲੀਵਾਲ (ਸੂਬਾ ਸਕੱਤਰ), ਬੰਤ ਬਰਾੜ, ਰਾਜ ਕੁਮਾਰ (ਜ਼ਿਲ੍ਹਾ ਕੌਂਸਲ ਸਕੱਤਰ), ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਭੁਪਿੰਦਰ ਸਿੰਘ ਸ਼ਾਮਿਲ ਹੋਏ।ਕਾਮਰੇਡ ਧਾਲੀਵਾਲ ਨੇ ਕਿਹਾ ਕਿ ਸਾਨੂੰ ਸੂਬੇ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਪਛਾਣ ਕਰਕੇ ਵਿਰੋਧ ਕਰਨਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਗੈਰਸੰਵਿਧਾਨਕ ਤਰੀਕੇ ਨਾਲ ਦੁਰਵਰਤੋਂ ਕਰਦੀ ਹੈ।ਵਿਰੋਧੀ ਸੂਬਿਆਂ ਦੀਆਂ ਸਰਕਾਰਾਂ ਨੂੰ ਛੜਯੰਤਰ ਕਰਕੇ ਗਿਰਾਉਂਦੀ ਹੈ।ਬਿਹਾਰ, ਬੰਗਾਲ ਅਤੇ ਪੰਜਾਬ ਆਦਿ ਸੂਬਿਆਂ ਦੇ ਐੱਮ ਪੀਜ਼ ਦੀ ਖਰੀਦੋ-ਫ਼ਰੋਖਤ ਕਰਕੇ ਆਪਣਾ ਖੇਮਾ ਵਧਾ ਰਹੀ ਹੈ।ਈ ਡੀ ਦੇ ਛਾਪੇ ਉਪਰੰਤ ਕੁਝ ਐੱਮ ਪੀਜ਼ ਦੇ ਭਾਜਪਾ ਵਿੱਚ ਰਲ ਜਾਣ ਬਾਅਦ ਉਨ੍ਹਾਂ ਦੇ ਖ਼ਿਲਾਫ਼ ਜਾਂਚ ਤੱਕ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ।ਲੋਕ ਪੱਖੀ ਬੁੱਧੀਜੀਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਜਾਂਚ ਦੇ ਮਖੌਟੇ ਵਰਤ ਕੇ ਵਿਰੋਧ ਦਬਾਉਂਦੀਆਂ ਹਨ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲੋਂ ਕਿਸੇ ਪੱਖੋਂ ਘੱਟ ਨਹੀਂ।ਜਿਵੇਂ ਭਾਰਤ ਵਿਚ ਹਰ ਥਾਂ ਮੋਦੀ-ਮੋਦੀ ਗੁਣਗਾਨ ਚੱਲ ਰਿਹਾ ਹੈ। ਪੰਜਾਬ ਵਿੱਚ ਭਗਵੰਤ ਮਾਨ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਪੇਸ਼ ਕਰ ਰਿਹਾ ਹੈ।ਸਰਕਾਰ ਲੋਕਾਂ ਦਾ ਕਰੋੜਾਂ ਰੁਪਿਆ ਲੁੱਟ ਕੇ ਭੋਰਾ-ਭੋਰਾ ਫਾਇਦਾ ਦੇਂਦੀ ਹੈ, ਪਰ ਗੁਣਗਾਨ ਕਰਦੀ ਥੱਕਦੀ ਨਹੀਂ।ਵੱਡੇ ਨਸ਼ਾ ਤਸਕਰਾਂ/ਨਸ਼ਾ ਮਾਫ਼ੀਆ ਦੀ ਥਾਂ ਗਰੀਬ-ਗੁਰਬਿਆਂ ਉਤੇ ਕੇਸ ਬਣਾ ਕੇ ਖਾਨਾ-ਪੂਰਤੀ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਵੱਲੋਂ ਵਿਰੋਧ ਦੀ ਅਣਹੋਂਦ ਕਾਰਨ ਹੀ ਕੇਂਦਰ ਸਰਕਾਰ ਪੰਜਾਬ ਦੇ ਸੀ ਬੀ ਐੱਸ ਸੀ ਅਤੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਰੋਲ ਕੇ ਸੰਸਕ੍ਰਿਤ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਪੰਜਾਬ ਦੇ ਆਈ ਏ ਐੱਸ ਅਫ਼ਸਰ ਪੰਜਾਬੀ ਨੂੰ ਅਣਗੌਲਦੇ ਹਨ।
ਅਜੋਕੇ ਸਮੇਂ ਵਿੱਚ ਦਰਮਿਆਨੇ ਘਰਾਂ ਦੇ ਨੌਜਵਾਨ ਮਹਿੰਗੀ ਉਚ ਸਿੱਖਿਆ ਹਾਸਲ ਨਹੀਂ ਕਰ ਸਕਦੇ ਤੇ ਠੇਕੇਦਾਰਾਂ ਕੋਲ ਨੌਕਰੀ ਕਰਦੇ ਉਨ੍ਹਾਂ ਵਲੋਂ ਲੁੱਟ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਗਰੀਬ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵੀ ਨਹੀਂ ਜਾ ਸਕਦੇ।ਧਨਾਢਾਂ ਦੇ ਬੱਚੇ ਕਾਨਵੈਂਟ/ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ, ਜਿਨ੍ਹਾਂ ਵਿਚ ਹਰ ਇਕ ਬੱਚੇ ਨੂੰ 90 ਫੀਸਦੀ ਨੰਬਰ ਦੇਣਾ ਫੈਸ਼ਨ ਹੈ ਅਤੇ ਉਹ ਬੱਚੇ ਪੈਸੇ ਦੇ ਜ਼ੋਰ ਨਾਲ ਵਿਦੇਸ਼ ਜਾ ਕੇ ਗਿਆਨ ਦੀ ਘਾਟ ਕਾਰਨ ਦਰਜਾ ਚਾਰ ਕਿਰਤੀਆਂ ਦਾ ਕੰਮ ਕਰਦੇ ਸ਼ੋਸ਼ਣ ਝੱਲਦੇ ਹਨ।ਪੰਜਾਬ ਸਰਕਾਰ ਨੌਜਵਾਨਾਂ ਨੂੰ 60,000 ਵਾਲੀ ਪੱਕੀ ਨੌਕਰੀ ਦੇਣ ਥਾਂ ਨੌਜਵਾਨਾਂ ਦੀ ਲੁੱਟ ਕਰਦੀ 6 ਹਜ਼ਾਰ ਤੋਂ 8 ਹਜ਼ਾਰ ਦੀ ਕੱਚੀ ਨੌਕਰੀ ਨਾਲ ਸਾਰ ਰਹੀ ਹੈ।
ਸਰਕਾਰ ਕਿਸਾਨੀ ਨੂੰ ਵੀ ਉਜਾੜ ਰਹੀ ਹੈ।ਉਨ੍ਹਾਂ ਨੂੰ ਨਾ ਉਚਿਤ ਮਾਤਰਾ ਵਿਚ ਪਾਣੀ ਮਿਲਦਾ ਹੈ, ਨਾ ਬੀਜ, ਖਾਦਾਂ ਅਤੇ ਨਾ ਕੀਟਨਾਸ਼ਕ ਹੀ ਮਿਲਦੇ ਹਨ। ਕਿਸਾਨ ਦੇਸ਼ ਦਾ ਭੁੱਖਾ ਢਿੱਡ ਭਰਨ ਲਈ ਸਮਰਥਾ ਤੋਂ ਵੱਧ ਅਨਾਜ ਪੈਦਾ ਕਰਦੇ ਹਨ।
ਭਾਵੇਂਕਿ ਫਸਲ ਦੀ ਘੱਟੋ-ਘੱਟ ਨਿਸਚਿਤ ਕੀਮਤ ਵੀ ਉਨ੍ਹਾਂ ਨੂੰ ਨਹੀਂ ਮਿਲਦੀ ਮੋਦੀ ਸਰਕਾਰ ਸਸਤਾ ਅਨਾਜ ਅਮਰੀਕਾ ਤੋਂ ਖਰੀਦ ਕੇ ਵੀ ਕਿਸਾਨੀ ਨਾਲ ਧੋਖਾ ਕਰਦੀ ਹੈ, ਕਿਉਂ ਕਿ ਭਾਰਤੀ ਕਿਸਾਨਾਂ ਦੀਆਂ ਸਬਸਿਡੀਆਂ ਖਤਮ ਕਰੀ ਜਾਂਦੀ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮੁਫ਼ਤ ਸਹੂਲਤਾਂ ਦੀ ਸੁਆਦੀ ਟੌਫੀ ਦੇ ਕੇ ਉਨ੍ਹਾਂ ਦੇ ਹਿੱਸੇ ਦਾ ਖੋਆ ਆਪ ਖਾ ਰਹੀ ਹੈ। ਸਾਨੂੰ ਲੋਕ-ਪੱਖੀ ਸ਼ਕਤੀਆਂ ਨੂੰ ਇਕੱਠੇ ਕਰਕੇ ਲੋਕ ਹਿੱਤਾਂ ਦੀ ਰਾਖੀ ਲਈ ਪਹਿਰਾ ਦੇਣਾ ਪਵੇਗਾ ਅਤੇ ਭਵਿੱਖ ਵਿੱਚ ਲੰਮੇ ਸੰਘਰਸ਼ ਕਰਨੇ ਪੈਣਗੇ।ਸੰਖੇਪ ਸ਼ਬਦਾਂ ਵਿੱਚ ਬੰਤ ਬਰਾੜ ਨੇ ਕਿਹਾ ਕਿ ਪੰਜਾਬ ਜਾਣਬੁਝ ਕੇ ਉਜਾੜਿਆ ਜਾ ਰਿਹਾ ਹੈ। ਨਸ਼ਾ ਤਸਕਰ ਅਤੇ ਗੈਂਗਸਟਰ ਸ਼ਰੇਆਮ ਕਤਲ ਕਰਦੇ ਘੁੰਮ ਰਹੇ ਹਨ। ਵਪਾਰੀ ਭੈਭੀਤ ਹੋ ਕੇ ਸੂਬੇ ਤੋਂ ਪਲਾਇਨ ਕਰ ਰਹੇ ਹਨ। ਸੂਬੇ ਦਾ ਖਜ਼ਾਨਾ ਖਾਲੀ ਹੈ, ਸੂਬੇ ਸਿਰ ਕਰਜ਼ਾ ਹਰ ਸਾਲ ਵਧਦਾ ਜਾ ਰਿਹਾ ਹੈ, ਜੋ ਸੌ ਸਾਲ ਤੱਕ ਨਹੀਂ ਉਤਰਨਾ। ਮਨਰੇਗਾ ਵਿਚ ਬੇਲੋੜੀਆਂ ਸੋਧਾਂ ਕਾਰਨ ਕਿਰਤੀਆਂ ਦੀ ਲੁੱਟ ਕਈ ਗੁਣਾ ਵਧੀ ਹੈ, ਕੰਮ ਘੰਟਿਆਂ ਦੀ ਗਰੰਟੀ ਘਟੀ ਹੈ। ਆਂਗਨਵਾੜੀ ਕਿਰਤੀ, ਈ ਟੀ ਟੀ ਅਧਿਆਪਕ ਅਤੇ ਹਰ ਵਰਗ ਦੇ ਕਾਮਿਆਂ ਦੇ ਵਿਰੋਧ ਦੀ ਅਵਾਜ਼ ਦਬਾਉਣ ਲਈ ਸੂਬਾ ਸਰਕਾਰ ਡੰਡੇ ਦੇ ਨਾਜਾਇਜ਼ ਜ਼ੋਰ ਦੀ ਵਰਤੋਂ ਕਰਦੀ ਹੈ, ਪਰ ਕਿਰਤੀ ਝੁਕਣ ਦੀ ਥਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫੇਰ ਸੰਘਰਸ਼ ਕਰਦੇ ਹਨ।
ਉਪਰੋਕਤ ਤੋਂ ਇਲਾਵਾ ਕਨਵੈਨਸ਼ਨ ਦੌਰਾਨ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਦੌਰਾਨ ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਸਗੀਰ ਅਹਿਮਦ, ਵੀਨਾ ਜੰਮੂ, ਅੰਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਸੇਵਕ ਸਿੰਘ, ਸਾਥੀ ਮਨੱਵਰ, ਜਸਵੰਤ ਸਿੰਘ, ਦਲੀਪ ਕੁਮਾਰ, ਅਮਰ ਸਿੰਘ, ਬਲਕਾਰ ਸਿੱਧੂ, ਮਨਜੀਤ ਮੀਤ, ਕ੍ਰਿਸ਼ਨ ਲਾਲ, ਰਾਜੀਵ ਕੁਮਾਰ, ਚੰਦਰ ਭਾਨ, ਭਾਗ ਸਿੰਘ, ਸੁਰਜੀਤ ਕੌਰ, ਪ੍ਰਲਾਦ ਸਿੰਘ ਅਤੇ ਸਤਿਆਵੀਰ ਸਮੇਤ ਤਕਰੀਬਨ 50 ਬਰਾਂਚਾਂ ਦੇ 100 ਰਹਿਨੁਮਾ ਸਾਥੀ ਸ਼ਾਮਲ ਹੋਏ। ਕਨਵੈਨਸ਼ਨ ਵਿੱਚ ਆਏ ਸਾਥੀਆਂ ਦਾ ਧੰਨਵਾਦ ਪ੍ਰੀਤਮ ਸਿੰਘ ਹੁੰਦਲ ਨੇ ਕੀਤਾ।