ਅਯੁੱਧਿਆ (ਨ ਜ਼ ਸ)
ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਸੋਮਵਾਰ ਕਿਹਾ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ, ਕਿਉਂਕਿ ਪੁਲਸ ਨੇ ਰਾਮ ਮੰਦਰ ਦੇ ਦਾਨ ਗਬਨ ਮਾਮਲੇ ਵਿੱਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰਾਂ ਅਨਿਲ ਮਿਸ਼ਰਾ ਤੇ ਗੋਪਾਲ ਰਾਓ ਵਿਰੁੱਧ ਐੱਫ ਆਈ ਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਕੀਲਾਂ ਨੇ ਕਿਹਾ ਕਿ ਪੁਲਸ ਨੇ 2 ਜੁਲਾਈ ਨੂੰ ਰਾਮ ਜਨਮ ਭੂਮੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਉਣ ਵੇਲੇ ਉਨ੍ਹਾਂ ਪੁਲਸ ਨੂੰ ਐੱਫ ਆਈ ਆਰ ਦਰਜ ਕਰਨ ਲਈ ਦੋ ਹਫਤੇ ਦਿੱਤੇ ਸਨ। ਸੋਮਵਾਰ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਫਦ ਨੇ ਪੁਲਸ ਸਟੇਸ਼ਨ ਦਾ ਦੌਰਾ ਕੀਤਾ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ ਅਤੇ ਸ਼ਿਕਾਇਤ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਵਫਦ ਅਯੁੱਧਿਆ ਦੇ ਐੱਸ ਐੱਸ ਪੀ ਨੂੰ ਵੀ ਮਿਲਿਆ, ਪਰ ਉਨ੍ਹਾ ਕਿਹਾ ਕਿ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਹੁਣ ਉਹ ਅਦਾਲਤ ਕੋਲ ਪਹੁੰਚ ਕਰਨਗੇ ਅਤੇ ਰਾਏ, ਮਿਸ਼ਰਾ ਤੇ ਰਾਓ ਵਿਰੁੱਧ ਐੱਫ ਆਈ ਆਰ ਦਰਜ ਕਰਵਾਉਣਗੇ।
ਫੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਇੱਕ ਜਨਰਲ ਬਾਡੀ ਮੀਟਿੰਗ ਦੌਰਾਨ ਰਾਮ ਮੰਦਰ ਦੇ ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਫੈਸਲਾ ਕੀਤਾ ਸੀ। ਇਸ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜੇ ਇਸ ਦੇ ਕਿਸੇ ਵੀ ਮੈਂਬਰ ਨੇ ਮੁਲਜ਼ਮਾਂ ਦਾ ਕੇਸ ਲੜਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਐਸੋਸੀਏਸ਼ਨ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।


