ਨਵੀਂ ਦਿੱਲੀ (ਨ ਜ਼ ਸ)
ਜੰਤਰ-ਮੰਤਰ ‘ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਚੱਲ ਰਹੇ ਜਲਵਾਯੂ ਕਾਰਕੁਨ ਸੋਨਮ ਵਾਂਗਚੁੱਕ ਦਾ ਭਾਰ 8.2 ਕਿੱਲੋ ਅਤੇ ਬਲੱਡ ਗਲੂਕੋਜ਼ ਦਾ ਪੱਧਰ 67 ਮਿਲੀਗ੍ਰਾਮ/ ਡੀ ਐੱਲ ਤੱਕ ਘਟ ਗਿਆ ਹੈ। ਭੁੱਖ ਹੜਤਾਲ ਦੇ ਸੋਮਵਾਰ 16ਵੇਂ ਦਿਨ ਵਿੱਚ ਦਾਖਲ ਹੋਣ ਦੇ ਨਾਲ ਵਾਂਗਚੁਕ ਦੀ ਸਿਹਤ ਹੋਰ ਵੀ ਵਿਗੜ ਗਈ ਹੈ। ਉਨ੍ਹਾ ਦਾ ਬਲੱਡ ਪ੍ਰੈਸ਼ਰ 107/70 ਮਿਲੀਮੀਟਰ ਐੱਚ ਜੀ ਦਰਜ ਕੀਤਾ ਗਿਆ।
ਇਸੇ ਦੌਰਾਨ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ ਹੈ, ‘ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਦੇ ਨੂੰ ਹੰਕਾਰ ਦੀ ਲੜਾਈ ਵਿੱਚ ਨਾ ਬਦਲੇ, ਕਿਉਂਕਿ ਇੱਥੇ ਮਨੁੱਖੀ ਜਾਨਾਂ ਦਾਅ ‘ਤੇ ਲੱਗੀਆਂ ਹਨ। ਗਲਤੀ ਸਵੀਕਾਰ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ। ਇਹ ਪਰਪੱਕਤਾ, ਜਵਾਬਦੇਹੀ ਅਤੇ ਰਾਹ ਸੁਧਾਰਨ ਦੀ ਇੱਛਾ ਦੀ ਨਿਸ਼ਾਨੀ ਹੈ। ਅਸੀਂ ਸਿਰਫ ਜਵਾਬਦੇਹੀ ਦੀ ਮੰਗ ਕਰ ਰਹੇ ਹਾਂ।’
ਉਧਰ ਸ਼ਿਵ ਸੈਨਾ (ਯੂ ਬੀ ਟੀ) ਦੇ ਮੁਖੀ ਊਧਵ ਠਾਕਰੇ ਨੇ ਵਾਂਗਚੁਕ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਜੰਤਰ-ਮੰਤਰ ਜਾਣਗੇ। ਮੁੰਬਈ ਵਿੱਚ ਪ੍ਰੱੈਸ ਕਾਨਫਰੰਸ ‘ਚ ਠਾਕਰੇ ਨੇ ਕਿਹਾ, ‘ਮੈਂ ਵੀ 20 ਜੁਲਾਈ ਨੂੰ ਜਾਵਾਂਗਾ। ਰਾਹੁਲ ਗਾਂਧੀ ਜੀ ਨੂੰ ਵੀ ਜਾਣਾ ਚਾਹੀਦਾ ਹੈ। ਜਿਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ ‘ਤੇ ਵਿਸ਼ਵਾਸ ਹੈ, ਉਨ੍ਹਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ। ਪੂਰੇ ਦੇਸ਼ ਦੇ ਲੋਕਾਂ ਨੂੰ ਸੜਕਾਂ ‘ਤੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।’
ਪੇਪਰ ਲੀਕ ਵਰਗੀਆਂ ਵੱਖ-ਵੱਖ ਪ੍ਰੀਖਿਆ ਬੇਨੇਮੀਆਂ ਕਾਰਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਲਈ ਕੀਤੇ ਜਾ ਰਹੇ ਅੰਦੋਲਨ ਤਹਿਤ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕੀਤਾ ਜਾਣਾ ਹੈ। ਸੀ ਪੀ ਆਈ, ਆਮ ਆਦਮੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਜਾਂ ਤਾਂ ਆਪਣੀ ਏਕਤਾ ਪ੍ਰਗਟ ਕੀਤੀ ਹੈ ਜਾਂ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਹੈ। ਕਾਂਗਰਸ ਨੇ ਅਜੇ ਤੱਕ ਜਨਤਕ ਤੌਰ ‘ਤੇ ਆਪਣੇ ਸਮਰਥਨ ਦਾ ਐਲਾਨ ਨਹੀਂ ਕੀਤਾ, ਹਾਲਾਂਕਿ ਇਹ ਕਈ ਮਹੀਨਿਆਂ ਤੋਂ ਇਹੀ ਮੁੱਦਾ ਚੁੱਕ ਰਹੀ ਹੈ।


