ਮੁਹਾਲੀ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਇੱਥੇ ਵਿਕਾਸ ਭਵਨ ਵਿਖੇ ਜੰਗਲਾਤ ਵਿਭਾਗ ਦੇ 516 ਮੁਲਾਜ਼ਮਾਂ ਨੂੰ ਪੱਕੇ ਕਰਨ ਉਪਰੰਤ ਨਿਯੁਕਤੀ ਪੱਤਰ ਵੰਡੇ।
ਇਨ੍ਹਾਂ ਦਿਹਾੜੀਦਾਰ ਮੁਲਾਜ਼ਮਾਂ ਵਿੱਚ ਡਰਾਈਵਰ, ਬੇਲਦਾਰ ਅਤੇ ਹੋਰ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈ ਪਿਛਲੇ 20 ਤੋਂ 25 ਸਾਲਾਂ ਤੋਂ ਕੱਚੇ ਤੌਰ ‘ਤੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੱਕੇ ਕੀਤੇ ਗਏ ਮੁਲਾਜ਼ਮਾਂ ਵਿੱਚ 464 ਮਰਦ ਅਤੇ 52 ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 9 ਮੁਲਾਜ਼ਮਾਂ ਨੂੰ ਉਮਰ ਵਿੱਚ ਛੋਟ, 439 ਮੁਲਾਜ਼ਮਾਂ ਨੂੰ ਪੜ੍ਹਾਈ ਵਿੱਚ ਛੋਟ ਅਤੇ 58 ਕਾਮਿਆਂ ਨੂੰ ਉਮਰ ਅਤੇ ਪੜ੍ਹਾਈ ਦੋਵਾਂ ਵਿੱਚ ਛੋਟ ਦੇ ਕੇ ਪੱਕੇ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪੱਕੇ ਕੀਤੇ ਗਏ ਕਾਮੇ ਪੰਜਾਬ ਦੇ 18 ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਕਾਮਿਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਪੱਕੇ ਹੋਣ ਦੀ ਵਧਾਈ ਦਿੱਤੀ। ਉਨ੍ਹਾ ਕਿਹਾ, ‘ਮੇਰੇ ਦਸਤਖਤ ਹਮੇਸ਼ਾ ਪੰਜਾਬ ਦੇ ਭਲੇ ਲਈ ਹੁੰਦੇ ਹਨ।’ ਉਨ੍ਹਾ ਐਲਾਨ ਕੀਤਾ ਕਿ ਪੰਜਾਬ ਵਿੱਚੋਂ ਜਲਦੀ ਹੀ ਠੇਕੇਦਾਰੀ ਅਤੇ ਆਊਟਸੋਰਸਿੰਗ ਪ੍ਰਥਾ ਖਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਰਕਾਰ ਦੇ ਅਧੀਨ ਲਿਆਂਦਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਤਨਖਾਹ ਵਧੇਗੀ, ਛੁੱਟੀਆਂ ਮਿਲਿਆ ਕਰਨਗੀਆਂ ਅਤੇ ਨੌਕਰੀ ਛੁੱਟਣ ਦੀ ਅਸੁਰੱਖਿਆ ਮੁਕੰਮਲ ਤੌਰ ‘ਤੇ ਖਤਮ ਹੋ ਜਾਵੇਗੀ। ਉਨ੍ਹਾ ਕਿਹਾ ਕਿ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅਤੇ ਇਸ ਸੰਬੰਧੀ ਅਦਾਲਤੀ ਰੋਕਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਚਿਰਾਂ ਤੋਂ ਰੁਕੀਆਂ ਹੋਈਆਂ 237 ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਤਰੱਕੀਆਂ ਵੀ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਇਹ ਕੰਮ ਪੰਦਰਾਂ-ਵੀਹ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਅਤੇ ਮੁਲਾਜ਼ਮਾਂ ਦੀ ਬਜਾਏ ਸਿਰਫ ਆਪਣੇ ਅਤੇ ਆਪਣੇ ਪਰਵਾਰਾਂ ਵੱਲ ਵੇਖਿਆ ਤੇ ਲੋਕਾਂ ਨੂੰ ਕੁਝ ਨਹੀਂ ਸਮਝਿਆ। ਉਨ੍ਹਾ ਕਿਹਾ ਕਿ ਇਹੀ ਕਾਰਨ ਹੈ ਕਿ ਜਿਹੜੇ ਲੋਕ ਪਹਿਲਾਂ ਜਨਤਾ ਨੂੰ ਟਿੱਚ ਜਾਣਦੇ ਸਨ, ਅੱਜ ਲੋਕ ਉਨ੍ਹਾਂ ਨੂੰ ਟਿੱਚ ਜਾਣਦੇ ਹਨ ਅਤੇ ਉਹ ਹੁਣ ਰੁਲਦੇ ਫਿਰ ਰਹੇ ਹਨ।



