ਪਟਨਾ : ਬਿਹਾਰ ਦੇ ਬਾਂਕੀਪੁਰ ਅਸੈਂਬਲੀ ਹਲਕੇ ਦੀ ਉਪ ਚੋਣ ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਨਾਮਜ਼ਦਗੀ ਕਾਗਜ਼ ਨਾਲ ਦਾਖਲ ਹਲਫਨਾਮੇ ਵਿੱਚ ਦੱਸਿਆ ਹੈ ਕਿ ਉਸ ਕੋਲ 96 ਕਰੋੜ ਦੀ ਸੰਪਤੀ ਹੈ। ਇਸ ਵਿੱਚ 22.19 ਕਰੋੜ ਦੀ ਚੱਲ ਤੇ 73.87 ਕਰੋੜ ਦੀ ਅਚੱਲ ਸੰਪਤੀ ਹੈ। ਉਸ ਦੀ ਪਤਨੀ ਡਾ. ਜਾਹਨਵੀ ਦਾਸ ਉਸ ਨਾਲੋਂ ਅਮੀਰ ਹੈ। ਆਸਾਮ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਜਾਹਨਵੀ ਦੀ ਸੰਪਤੀ ਕਰੀਬ 102 ਕਰੋੜ ਹੈ। ਇਸ ਵਿੱਚ 89.51 ਕਰੋੜ ਚੱਲ ਤੇ 12.42 ਕਰੋੜ ਅਚੱਲ ਸੰਪਤੀ ਹੈ। ਪ੍ਰਸ਼ਾਂਤ ਦੇ ਗਾਜ਼ੀਆਬਾਦ ‘ਚ ਦੋ ਫਲੈਟ ਅਤੇ ਪਟਨਾ, ਦਿੱਲੀ ਦੇ ਵਸੰਤ ਵਿਹਾਰ ਤੇ ਬਿਹਾਰ ਦੇ ਬਕਸਰ ਵਿੱਚ ਪਲਾਟ ਹਨ। ਉਹ ਵੇਧਾ ਵੈਂਚਰ ਪ੍ਰਾਈਵੇਟ ਲਿਮਟਿਡ ਦਾ ਮਾਲਕ ਵੀ ਹੈ, ਜਿਸ ਨੇ 2 ਅਕਤੂਬਰ 2024 ਵਿੱਚ ਬਣੀ ਜਨ ਸੁਰਾਜ ਨੂੰ 2024-25 ਵਿੱਚ 85 ਕਰੋੜ ਦਾ ਚੰਦਾ ਦਿੱਤਾ ਸੀ। ਪ੍ਰਸ਼ਾਂਤ ਦਾ ਜਨਮ ਬਕਸਰ ਜ਼ਿਲ੍ਹੇ ਵਿੱਚ ਹੋਇਆ ਸੀ, ਜਿੱਥੇ ਉਸ ਦੇ ਪਿਤਾ ਡਾਕਟਰ ਤੇ ਮਾਂ ਗ੍ਰਹਿਣੀ ਸਨ। ਬਾਂਕੀਪੁਰ ਸੀਟ ਨਿਤਿਨ ਨਬੀਨ ਦੇ ਭਾਜਪਾ ਦੇ ਕੁਲ ਹਿੰਦ ਪ੍ਰਧਾਨ ਤੇ ਰਾਜ ਸਭਾ ਮੈਂਬਰ ਬਣਨ ਕਾਰਨ ਖਾਲੀ ਹੋਈ ਹੈ। ਪ੍ਰਸ਼ਾਂਤ ਦਾ ਭਾਜਪਾ ਦੇ ਨੀਰਜ ਸਿਨਹਾ ਤੇ ਰਾਜਦ ਦੀ ਰੇਖਾ ਗੁਪਤਾ ਨਾਲ ਤਿਕੋਣਾ ਮੁਕਾਬਲਾ ਹੈ। ਵੋਟਾਂ 30 ਜੁਲਾਈ ਨੂੰ ਪੈਣਗੀਆਂ ਤੇ ਨਤੀਜਾ 3 ਅਗਸਤ ਨੂੰ ਨਿਕਲੇਗਾ।
ਬਿੱਟੂ ਦੀ ਪੰਜਾਬ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ : ਪਰਗਟ ਸਿੰਘ
ਚੰਡੀਗੜ੍ਹ : ਕਾਂਗਰਸ ਆਗੂ ਪਰਗਟ ਸਿੰਘ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ‘ਤੇ ਵਰ੍ਹਦਿਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਹਿੰਦੂਆਂ ਅਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ‘ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੇ ਹੱਥਾਂ ‘ਚ ਖੇਡਣਗੇ।




