ਭਾਜਪਾ ਨੇ ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਾਂ ਦਾ ਕੇਂਦਰ ਬਣਾਇਆ : ‘ਆਪ’

0
7

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਨੇ ਕੇਂਦਰ ‘ਤੇ ਪੰਜਾਬ ਨਾਲ ਜਾਣਬੁੱਝ ਕੇ ਵਿਤਕਰਾ ਕਰਨ ਅਤੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਇੱਕ ਨਾਮੀ ਗੈਂਗਸਟਰ ਨੂੰ ਪੰਜਾਬ ਵਿੱਚ ਨਸ਼ਾ ਨੈੱਟਵਰਕ ਚਲਾਉਣ ਦੀ ਖੁੱਲ੍ਹ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ‘ਤੇ ਪੰਜਾਬ ਨੂੰ ਹਥਿਆਰਾਂ ਅਤੇ ਨਸ਼ਿਆਂ ਦਾ ‘ਡੰਪਿੰਗ ਗਰਾਊਂਡ’ ਬਣਾਉਣ ਦੇ ਰਾਹ ਪੈਣ ਦੇ ਵੀ ਇਲਜ਼ਾਮ ਲਾਏ ਗਏ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅਤੇ ਇੱਥੋਂ ਦੀ ਜਵਾਨੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਸਰਹੱਦ ਪਾਰੋਂ ਤਸਕਰੀ ਕੀਤੇ ਜਾਣ ਵਾਲੇ ਨਸ਼ਿਆਂ ਦਾ 80 ਫੀਸਦੀ ਹਿੱਸਾ ਪੰਜਾਬ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸੂਬੇ ਵਿੱਚ ਆਈਸ ਅਤੇ ਕੋਕੀਨ ਵਰਗੇ ਨਵੇਂ ਅਤੇ ਘਾਤਕ ਨਸ਼ਿਆਂ ਦੀ ਆਮਦ ਵਧ ਗਈ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸਰਹੱਦ ਅਤੇ ਉਸ ਦੇ ਅੰਦਰਲਾ 50 ਕਿਲੋਮੀਟਰ ਦਾ ਘੇਰਾ ਕੇਂਦਰ ਦੀ ਸੁਰੱਖਿਆ ਹੇਠ ਹੈ, ਫਿਰ ਵੀ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰ ਕਿਵੇਂ ਆ ਰਹੇ ਹਨ? ਕੇਂਦਰ ਕੋਲ ਇਨ੍ਹਾਂ ਡਰੋਨਾਂ ਨੂੰ ਰੋਕਣ ਦੀ ਤਕਨੀਕ ਹੈ, ਜਿਸ ਦੀ ਵਰਤੋਂ ਅਪਰੇਸ਼ਨ ਸਿੰਧੂਰ ਦੌਰਾਨ ਕੀਤੀ ਗਈ ਸੀ, ਪਰ ਹੁਣ ਇਸ ਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ। ਸਿਹਤ ਮੰਤਰੀ ਨੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਵੱਲੋਂ ਪੰਜਾਬੀ ਗੈਂਗਸਟਰਾਂ ਅਤੇ ਉਨ੍ਹਾਂ ਦੇ ਕਾਰਟੇਲ ਬਾਰੇ ਕੀਤੇ ਖੁਲਾਸਿਆਂ ਦਾ ਹਵਾਲਾ ਦਿੰਦਿਆਂ (ਬਿਨਾਂ ਨਾਂਅ ਲਏ ਲਾਰੈਂਸ ਬਿਸ਼ਨੋਈ ਵੱਲ ਇਸ਼ਾਰਾ ਕਰਦਿਆਂ) ਕਿਹਾ ਕਿ ‘ਡਬਲ ਇੰਜਣ’ ਸਰਕਾਰ ਵਾਲੇ ਰਾਜ ਦੀ ਸਾਬਰਮਤੀ ਜੇਲ੍ਹ ਵਿੱਚ ਬੈਠਾ ਵਿਅਕਤੀ ਅੱਜ ਵਿਸ਼ਵ ਪੱਧਰੀ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ। ਉਨ੍ਹਾਂ ਕੇਂਦਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਨਸ਼ਾ ਮੁਕਤੀ ਚਾਹੁੰਦੇ ਹਨ ਤਾਂ ਇਸ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਿਆ ਜਾਵੇ, ਜਿੱਥੇ ਪੰਜਾਬ ਸਰਕਾਰ ਨਾ ਸਿਰਫ਼ ਉਸ ਦਾ ਇਲਾਜ ਕਰੇਗੀ ਬਲ ਕਿ ਉਸ ਨੂੰ ਸੁਧਾਰੇਗੀ ਵੀ। ਉਨ੍ਹਾ ਕਿਹਾ ਕਿ ਕੱਲ੍ਹ ਹੀ ਪਟਿਆਲਾ ਵਿੱਚ ਮੱਧ ਪ੍ਰਦੇਸ਼ (ਜੋ ਕਿ ਇੱਕ ਹੋਰ ਡਬਲ ਇੰਜਣ ਵਾਲਾ ਰਾਜ ਹੈ) ਤੋਂ ਹਥਿਆਰਾਂ ਦੀ ਖੇਪ ਪਹੁੰਚੀ ਹੈ, ਜੋ ਸਿੱਧ ਕਰਦੀ ਹੈ ਕਿ ਹਥਿਆਰਾਂ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ। ਪੰਜਾਬ ਨਾਲ ਹੋ ਰਹੇ ਵਿਤਕਰੇ ਦਾ ਇੱਕ ਹੋਰ ਸਬੂਤ ਪੇਸ਼ ਕਰਦਿਆਂ ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸੂਬੇ ਦੀ ਫਲੈਗਸ਼ਿਪ ਸਿਹਤ ਬੀਮਾ ਯੋਜਨਾ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿੱਚ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਜਦੋਂ ਕਿ ਪੀ.ਜੀ.ਆਈ. ਵਰਗਾ ਵੱਡਾ ਪ੍ਰੋਜੈਕਟ ਦਹਾਕਿਆਂ ਪਹਿਲਾਂ ਖ਼ਾਸ ਤੌਰ ‘ਤੇ ਪੰਜਾਬ ਲਈ ਹੀ ਸਥਾਪਤ ਕੀਤਾ ਗਿਆ ਸੀ। ਕੇਂਦਰ ਦੀ ਬੇਰੁਖ਼ੀ ਦੇ ਬਾਵਜੂਦ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਸ, ਸਿਹਤ, ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ।