8 ਟੋਲ ਪਲਾਜ਼ੇ ਹੋਏ ਮਹਿੰਗੇ

0
11

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਦੀਆਂ ਦਰਾਂ ਵਿੱਚ ਸੋਧ ਕਰ ਦਿੱਤੀ ਹੈ, ਜੋ ਕਿ 14 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਕਾਰਨ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਦੇ ਰੂਟਾਂ ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਪ੍ਰਤੀ ਗੇੜਾ 5 ਰੁਪਏ ਤੋਂ ਲੈ ਕੇ 10 ਰੁਪਏ ਤੱਕ ਵਧੇਰੇ ਜੇਬ ਢਿੱਲੀ ਕਰਨੀ ਪਵੇਗੀ। ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ ਹਾਈਵੇਅ) ‘ਤੇ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਟੋਲ ਟੈਕਸ ਵਧਾ ਕੇ ਇੱਕ ਪਾਸੇ ਦੀ ਯਾਤਰਾ ਲਈ 115 ਰੁਪਏ ਅਤੇ ਦੋਵਾਂ ਪਾਸਿਆਂ (ਆਉਣ-ਜਾਣ) ਲਈ 170 ਰੁਪਏ ਕਰ ਦਿੱਤਾ ਗਿਆ ਹੈ।
ਬੱਸਾਂ ਅਤੇ ਟਰੱਕਾਂ ਲਈ ਇੱਕ ਪਾਸੇ ਦਾ ਰੇਟ 390 ਰੁਪਏ ਅਤੇ ਦੋਵਾਂ ਪਾਸਿਆਂ ਦਾ ਰੇਟ 580 ਰੁਪਏ ਤੈਅ ਕੀਤਾ ਗਿਆ ਹੈ। ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨ ਤਾਰਨ-ਹਰੀਕੇ-ਫਰੀਦਕੋਟ-ਬਠਿੰਡਾ ਹਾਈਵੇਅ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 50 ਰੁਪਏ ਅਤੇ ਦੋਵਾਂ ਪਾਸਿਆਂ ਦਾ 70 ਰੁਪਏ ਹੋਵੇਗਾ। ਬੱਸਾਂ ਅਤੇ ਟਰੱਕਾਂ ਲਈ ਇਹ ਦਰਾਂ ਕ੍ਰਮਵਾਰ 165 ਰੁਪਏ (ਇੱਕ ਪਾਸੇ) ਅਤੇ 250 ਰੁਪਏ (ਦੋਵੇਂ ਪਾਸੇ) ਕੀਤੀਆਂ ਗਈਆਂ ਹਨ। ਕਾਲਾ ਟਿੱਬਾ ਟੋਲ ਪਲਾਜ਼ਾ (ਅਬੋਹਰ-ਸੀਤੋ-ਗੰਨੋ-ਡੱਬਵਾਲੀ ਰੂਟ) ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੈਕਸ 50 ਰੁਪਏ ਅਤੇ ਦੋਵਾਂ ਪਾਸਿਆਂ ਦਾ 80 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਬੱਸਾਂ ਅਤੇ ਟਰੱਕਾਂ ਨੂੰ ਇੱਕ ਪਾਸੇ ਲਈ 175 ਰੁਪਏ ਅਤੇ ਦੋਵਾਂ ਪਾਸਿਆਂ ਦੀ ਯਾਤਰਾ ਲਈ 265 ਰੁਪਏ ਦੇਣੇ ਪੈਣਗੇ।
ਸ਼ੇਖਪੁਰਾ ਟੋਲ ਪਲਾਜ਼ਾ (ਮੌੜ-ਰੋਮਾਣਾ ਮੰਡੀ ਹਾਈਵੇਅ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਨੂੰ ਇੱਕ ਪਾਸੇ ਦੇ 55 ਰੁਪਏ ਅਤੇ ਵਾਪਸੀ ਦੇ 85 ਰੁਪਏ ਦੇਣੇ ਹੋਣਗੇ। ਬੱਸਾਂ ਅਤੇ ਟਰੱਕਾਂ ਲਈ ਇਹ ਫੀਸ ਕ੍ਰਮਵਾਰ 185 ਰੁਪਏ ਅਤੇ 280 ਰੁਪਏ ਹੋਵੇਗੀ। ਲਹਿਰਾਬੇਗਾ ਟੋਲ ਪਲਾਜ਼ਾ (ਤਪਾ-ਬਠਿੰਡਾ ਹਾਈਵੇਅ ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਇੱਕ ਪਾਸੇ ਦਾ ਟੋਲ 80 ਰੁਪਏ ਅਤੇ ਦੋਵਾਂ ਪਾਸਿਆਂ ਦਾ 120 ਰੁਪਏ ਹੋਵੇਗਾ। ਬੱਸਾਂ ਅਤੇ ਟਰੱਕਾਂ ਲਈ ਹੁਣ ਇੱਕ ਪਾਸੇ ਦੇ 270 ਰੁਪਏ ਅਤੇ ਦੋਵਾਂ ਪਾਸਿਆਂ ਦੇ 400 ਰੁਪਏ ਚਾਰਜ ਕੀਤੇ ਜਾਣਗੇ। ਖੂਈਆਂ ਸਰਵਰ ਟੋਲ ਪਲਾਜ਼ਾ (ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ ਹਾਈਵੇਅ) ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਸੋਧਿਆ ਹੋਇਆ ਟੋਲ ਇੱਕ ਪਾਸੇ ਲਈ 105 ਰੁਪਏ ਅਤੇ ਦੋਵਾਂ ਪਾਸਿਆਂ ਲਈ 155 ਰੁਪਏ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਫੀਸ ਵਧਾ ਕੇ ਕ੍ਰਮਵਾਰ 350 ਰੁਪਏ (ਇੱਕ ਪਾਸੇ) ਅਤੇ 520 ਰੁਪਏ (ਦੋਵੇਂ ਪਾਸੇ) ਕਰ ਦਿੱਤੀ ਗਈ ਹੈ।
ਕਾਲਾਝਾੜ ਟੋਲ ਪਲਾਜ਼ਾ (ਪਟਿਆਲਾ ਬਾਈਪਾਸ ਹਾਈਵੇਅ) ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਟੋਲ ਰੇਟ ਇੱਕ ਪਾਸੇ ਦਾ 115 ਰੁਪਏ ਅਤੇ ਦੋਵਾਂ ਪਾਸਿਆਂ ਦਾ 175 ਰੁਪਏ ਹੋ ਗਿਆ ਹੈ। ਬੱਸਾਂ ਅਤੇ ਟਰੱਕਾਂ ਨੂੰ ਹੁਣ ਇੱਕ ਪਾਸੇ ਦੇ 390 ਰੁਪਏ ਅਤੇ ਦੋਵਾਂ ਪਾਸਿਆਂ ਦੇ 585 ਰੁਪਏ ਚੁਕਾਉਣੇ ਪੈਣਗੇ। ਪੈਂਦ ਟੋਲ ਪਲਾਜ਼ਾ (ਸੰਗਰੂਰ-ਡੋਗਲ ਕਲਾਂ ਹਾਈਵੇਅ) ‘ਤੇ ਕਾਰਾਂ ਅਤੇ ਹਲਕੇ ਵਾਹਨਾਂ ਲਈ ਯੂਜ਼ਰ ਫੀਸ ਇੱਕ ਪਾਸੇ ਦੀ 95 ਰੁਪਏ ਅਤੇ ਦੋਵਾਂ ਪਾਸਿਆਂ ਦੀ 145 ਰੁਪਏ ਕੀਤੀ ਗਈ ਹੈ। ਬੱਸਾਂ ਅਤੇ ਟਰੱਕਾਂ ਲਈ ਇਹ ਫੀਸ ਕ੍ਰਮਵਾਰ 325 ਰੁਪਏ (ਇੱਕ ਪਾਸੇ) ਅਤੇ ਦੋਵਾਂ ਪਾਸਿਆਂ ਲਈ 485 ਰੁਪਏ ਤੈਅ ਕੀਤੀ ਗਈ ਹੈ