ਡਾ. ਇਕਬਾਲ ਕੌਰ ਸੌਂਦ ਦੇ ਦੇਹਾਂਤ ਨਾਲ ਸਾਹਿਤਕ ਜਗਤ ਸਦਮੇ ‘ਚ

0
8

ਲੁਧਿਆਣਾ
(ਨਵਾਂ ਜ਼ਮਾਨਾ ਸਰਵਿਸ)
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਤੇ ਸਮੂਹ ਮੈਂਬਰਾਂ ਨੇ ਅਕਾਦਮੀ ਦੇ ਜੀਵਨ ਮੈਂਬਰ ਡਾ. ਇਕਬਾਲ ਕੌਰ ਸੌਂਦ ਦੇ ਦੇਹਾਂਤ ‘ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਡਾ. ਇਕਬਾਲ ਕੌਰ ਸੌਂਦ ਨੇ ਦੋ ਦਹਾਕੇ ਤੋਂ ਵੱਧ ਸਮਾਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਅਧਿਆਪਨ ਅਤੇ ਖੋਜ ਕਾਰਜ ਕੀਤਾ। ਉਹ ਕੁਸ਼ਲ ਅਧਿਆਪਕ, ਸੰਵੇਦਨਸ਼ੀਲ ਕਵਿੱਤਰੀ ਤੇ ਅਨੁਵਾਦਕ ਸਨ। ਅਕਾਦਮੀ ਵੱਲੋਂ ਉਹਨਾ ਨੂੰ ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਡਾ. ਇਕਬਾਲ ਕੌਰ ਸੌਂਦ ਦੇ ਸਦੀਵੀ ਵਿਛੋੜੇ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੰਜਾਬੀ ਦੇ ਪ੍ਰਸਿੱਧ ਲੇਖਕ ਸਨ।ਉਨ੍ਹਾ ਕਿਹਾ ਡਾ. ਇਕਬਾਲ ਕੌਰ ਸੌਂਦ ਮਨੁੱਖੀ ਰਿਸ਼ਤਿਆਂ ਨੂੰ ਪਰਤ-ਦਰ-ਪਰਤ ਉਘਾੜਨ ਵਾਲੀ ਕਹਾਣੀਕਾਰ ਸੀ। ਉਨ੍ਹਾ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਉਨ੍ਹਾ ਦੇ ਪਰਵਾਰ, ਸਨੇਹੀਆਂ ਅਤੇ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਡਾ. ਇਕਬਾਲ ਕੌਰ ਸੌਂਦ ਦੇ ਸਦੀਵੀ ਵਿਛੋੜੇ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਇਕਬਾਲ ਕੌਰ ਸੌਂਦ ਸਾਹਿਤ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਰਹੇ। ਉਨ੍ਹਾ ‘ਬਟਵਾਰਾ’ ਕਹਾਣੀ ਸੰਗ੍ਰਹਿ ਤੋਂ ਇਲਾਵਾ ਪੰਜਾਬੀ ਲੋਕਯਾਨ, ਦਿਲ ਦੀਆਂ ਬਾਤੀਂ, ਭਗਤ ਨਾਮਦੇਵ : ਰਚਨਾ ਸੰਸਾਰ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾ ਦੱਸਿਆ ਡਾ. ਸੌਂਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਭਗਤ ਨਾਮਦੇਵ ਚੇਅਰ ਦੇ ਮੁਖੀ ਵਜੋਂ ਰਿਟਾਇਰ ਹੋਏ ਅਤੇ ਲਗਾਤਾਰ ਸਮਾਜਿਕ ਕਾਰਜਾਂ ਵਿਚ ਸਰਗਰਮ ਰਹੇ। ਡਾ. ਸੌਂਦ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾ ਦੇ ਜਾਣ ਨਾਲ ਲੋਕ ਧਾਰਾ ਖੋਜ, ਉਚਤਮ ਸੰਪਾਦਨ ਤੇ ਵਿਰਾਸਤ ਦੀ ਪਹਿਰੇਦਾਰੀ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾ ਦੀ ਦੇਸ਼ ਵੰਡ ਨਾਲ ਸੰਬੰਧਤ ਕਹਾਣੀਆਂ ਦਾ ਸੰਗ੍ਰਹਿ “’ਬੰਦ ਬੂਹੇ ਦੀ ਹੂਕ’” ਦਰਦਾਂ ਵਿੰਨ੍ਹੀ ਦਾਸਤਾਨ ਹੈ। ਖੋਜ ਕਾਰਜ ਤੋਂ ਇਲਾਵਾ ਉਨ੍ਹਾ ਕੁਝ ਕਵਿਤਾਵਾਂ ਵੀ ਲਿਖੀਆਂ, ਜੋ ਸੰਗ੍ਰਹਿ ਰੂਪ ਵਿੱਚ ਕੁਝ ਸਮਾਂ ਪਹਿਲਾਂ ਪ੍ਰਕਾਸ਼ਨ ਅਧੀਨ ਸਨ। ਅਗਾਂਹਵਧੂ ਸੋਚ ਨੂੰ ਪਰਣਾਏ ਡਾ. ਸੌਂਦ ਜੀਵਨ ਭਰ ਇਸਤਰੀ ਹੱਕਾਂ ਦੀ ਸਲਾਮਤੀ ਅਤੇ ਆਵਾਜ਼ ਬਣ ਕੇ ਡਟੇ ਰਹੇ। 1947 ਦੀ ਭਿਆਨਕ ਦੇਸ਼ ਵੰਡ ਮੌਕੇ ਆਪਣਿਆਂ ਹੱਥੋਂ ਹੀ ਕਤਲ ਹੋਏ ਦੇਸ਼ ਭਗਤ ਕਾਮਰੇਡ ਗਹਿਲ ਸਿੰਘ ਛੱਜਲਵੱਡੀ ਦੀ ਉਹ ਧੀ ਸਨ। ਬਾਪੂ ਜੀ ਦੀ ਯਾਦ ਵਿੱਚ ਉਹ ਹਰ ਸਾਲ ਛੱਜਲਵੱਡੀ ਪਿੰਡ ਵਿੱਚ ਸਾਲਾਨਾ ਸਮਾਗਮ ਵੀ ਕਰਵਾਉਂਦੇ ਸਨ। ਉਹ ਕੁਝ ਅਰਸੇ ਤੋਂ ਬਿਮਾਰ ਸਨ। ਆਪਣੇ ਜੀਵਨ ਸਾਥੀ ਪ੍ਰਿੰਸੀਪਲ ਨਰੋਤਮ ਸਿੰਘ ਦੇ ਸੰਗ ਉਹ ਹਰ ਸਾਹਿਤਕ ਸਮਾਗਮ ਦੀ ਸ਼ਾਨ ਬਣਦੇ ਸਨ।ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਵਰਿਆਮ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਜਸਪਾਲ ਮਾਨਖੇੜਾ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਸੁਰਿੰਦਰ ਨੀਰ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਹਰਵਿੰਦਰ ਸਿੰਘ ਸਿਰਸਾ, ਡਾ. ਅੰਮੀਆ ਕੁੰਵਰ, ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਡਾ. ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਰਜਿੰਦਰ ਸਿੰਘ ਰਾਜਨ, ਮੱਖਣ ਮਾਨ, ਰੋਜ਼ੀ ਸਿੰਘ, ਅੰਮ੍ਰਿਤਸਰ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਆਲਮੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸੇਖੋਂ, ਪ੍ਰਗਤੀਸ਼ੀਲ ਲੇਖ਼ਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਜ਼ਿਲ੍ਹਾ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ, ਜਮਹੂਰੀ ਅਧਿਕਾਰ ਸਭਾ ਵੱਲੋਂ ਡਾ. ਪਰਮਿੰਦਰ ਸਿੰਘ, ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਵਾਨ ਡਾ. ਸੁਖਦੇਵ ਸਿੰਘ ਸੋਹਲ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਕੌਰ ਰਿਆੜ, ਡਾ. ਹਰਿੰਦਰ ਕੌਰ ਸੋਹਲ, ਡਾ. ਇੰਦਰਾ ਵਿਰਕ, ਡਾ. ਭਾਗਇੰਦਰ ਕੌਰ, ਡਾ. ਗੁਰਬੀਰ ਸਿੰਘ ਬਰਾੜ ਤੇ ਡਾ. ਹੀਰਾ ਸਿੰਘ ਸ਼ਾਮਲ ਹਨ।ਉਨ੍ਹਾ ਦਾ ਅੰਤਮ ਸੰਸਕਾਰ 15 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜਲੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।