ਸ਼ੁੱਧ ਪੈਟਰੋਲ ਦਾ ਵਿਕਲਪ ਦਿਓ ਤੇ ਈ-20 ਪੈਟਰੋਲ ਦੇ ਰੇਟ ਘਟਾਓ : ਕੇਜਰੀਵਾਲ

0
4

ਨਵੀਂ ਦਿੱਲੀ (ਨ ਜ਼ ਸ)
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੁੱਖ ਤੌਰ ‘ਤੇ ਦੋ ਮੰਗਾਂ ਕੀਤੀਆਂ ਹਨ। ਉਨ੍ਹਾ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਪੈਟਰੋਲ ਪੰਪਾਂ ‘ਤੇ ਈ-20 ਅਤੇ ਸ਼ੁੱਧ ਪੈਟਰੋਲ ਦਾ ਵਿਕਲਪ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਮਰਜ਼ੀ ਅਨੁਸਾਰ ਪੈਟਰੋਲ ਲੈ ਸਕਣ।ਇਸ ਦੇ ਨਾਲ ਹੀ ਈ-20 ਦੀ ਕੀਮਤ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੀ ਵਰਤੋਂ ਨਾਲ ਗੱਡੀਆਂ ਦੀ ਮਾਈਲੇਜ ਘਟ ਰਹੀ ਹੈ ਅਤੇ ਕੰਪੋਨੈਂਟਸ ਖਰਾਬ ਹੋ ਰਹੇ ਹਨ।ਉਨ੍ਹਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, ‘ਮੇਰੇ ਜਾਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਜਾਣ, ਜਿੱਥੇ ਇੱਕ ਲਿੰਕ ਵਿੱਚ ਪੀ ਐੱਮ ਦੇ ਨਾਂਅ ਪਟੀਸ਼ਨ ਮਿਲੇਗੀ।ਉਸ ‘ਤੇ ਸਾਈਨ ਕਰਨ ਅਤੇ ਈ-20 ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕਰਨ।ਮੈਂ ਲੋਕਾਂ ਦੇ ਅਨੁਭਵ ਸਾਂਝੇ ਕਰਨ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ।’ ਮੰਗਲਵਾਰ ਪ੍ਰੈੱਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਪਟੀਸ਼ਨ ਵਿੱਚ ਲੋਕ ਆਪਣੇ ਅਨੁਭਵ ਵੀ ਸਾਂਝੇ ਕਰ ਸਕਦੇ ਹਨ ਕਿ ਉਨ੍ਹਾਂ ਕੋਲ ਕਿਹੜੀ ਗੱਡੀ ਹੈ, ਪਹਿਲਾਂ ਕਿੰਨੀ ਮਾਈਲੇਜ ਆਉਂਦੀ ਸੀ ਅਤੇ ਹੁਣ ਕਿੰਨੀ ਆ ਰਹੀ ਹੈ, ਉਨ੍ਹਾਂ ਦੀ ਗੱਡੀ ਵਿੱਚ ਕੀ ਖਰਾਬੀ ਆਈ ਹੈ ਜਾਂ ਕਿਹੜੇ ਕੰਪੋਨੈਂਟਸ ਖਰਾਬ ਹੋਏ ਹਨ।ਜੋ ਵੀ ਅਨੁਭਵ ਲੋਕ ਲਿਖਣਾ ਚਾਹੁਣ, ਉਹ ਲਿਖ ਸਕਦੇ ਹਨ।ਜਿੰਨੇ ਵੀ ਦਸਤਖਤ ਸਾਡੇ ਕੋਲ ਇਕੱਠੇ ਹੋਣਗੇ, ਜਦੋਂ ਪ੍ਰਧਾਨ ਮੰਤਰੀ ਜੀ ਮੈਨੂੰ ਮਿਲਣ ਲਈ ਬੁਲਾਉਣਗੇ, ਤਾਂ ਉਨ੍ਹਾਂ ਸਾਰੀਆਂ ਪਟੀਸ਼ਨਾਂ ਦਾ ਪ੍ਰਿੰਟ ਆਊਟ ਲੈ ਕੇ ਮੈਂ ਪ੍ਰਧਾਨ ਮੰਤਰੀ ਨੂੰ ਸੌਂਪ ਕੇ ਆਵਾਂਗਾ।ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪਟੀਸ਼ਨ ‘ਤੇ ਦਸਤਖਤ ਕਰਨ ਤਾਂ ਜੋ ਪ੍ਰਧਾਨ ਮੰਤਰੀ ਤੱਕ ਜਨਤਾ ਦੀ ਆਵਾਜ਼ ਪਹੁੰਚ ਸਕੇ।’
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪੁਰਾਣੇ ਵਾਹਨਾਂ ‘ਤੇ ਈ-20 ਪੈਟਰੋਲ ਮੜ੍ਹਨ ਨੂੰ ਲੈ ਕੇ ਜਨਤਾ ਵਿੱਚ ਭਾਰੀ ਗੁੱਸਾ ਹੈ।ਇਹ ਵਾਹਨ ਈ-20 ਦੇ ਅਨੁਕੂਲ ਨਹੀਂ ਹਨ। ਵਿਆਪਕ ਪੱਧਰ ‘ਤੇ ਫੈਲੇ ਇਸ ਅਸਲ ਸੰਕਟ ਨੂੰ ਸੁਣਨ ਦੀ ਬਜਾਏ, ਮੰਤਰੀ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ, ਬੇਰੁਜ਼ਗਾਰ, ਸਮਾਜਿਕ ਕਾਰਕੁਨ ਅਤੇ ਲਾਬੀਸਟ ਆਦਿ ਕਹਿ ਕੇ ਗਾਲ੍ਹਾਂ ਕੱਢ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਪੱਤਰ ਵਿੱਚ ਅੱਗੇ ਕਿਹਾ ਹੈ ਕਿ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਠਹਿਰਾਉਣ ਵਾਲਾ ਕੋਈ ਤਾਰਕਿਕ, ਵਿਗਿਆਨਕ, ਇੰਜੀਨੀਅਰਿੰਗ ਜਾਂ ਆਰਥਿਕ ਆਧਾਰ ਨਹੀਂ ਹੈ। ਲੋਕਾਂ ਨੂੰ ਸ਼ੱਕ ਹੈ ਕਿ ਸ਼ਾਇਦ ਵਿਆਪਕ ਲੋਕ ਭਲਾਈ ਦੀ ਬਜਾਏ ਕੁਝ ਨਿੱਜੀ ਹਿੱਤ ਹਨ ਜੋ ਇਸ ਫੈਸਲੇ ਨੂੰ ਤੈਅ ਕਰ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਵਿੱਚ 2023 ਤੋਂ ਪਹਿਲਾਂ ਬਣੇ ਲੱਗਭੱਗ 30 ਕਰੋੜ ਰਜਿਸਟਰਡ ਦੋਪਹੀਆ ਅਤੇ ਚਾਰ ਪਹੀਆ ਵਾਹਨ ਹਨ, ਜੋ ਈ-20 ਪੈਟਰੋਲ ਦੇ ਅਨੁਕੂਲ ਨਹੀਂ ਹਨ। ਇਨ੍ਹਾਂ ਸਾਰੇ ਵਾਹਨਾਂ ਦੇ ‘ਓਨਰ ਮੈਨੂਅਲ’ ਵੀ ਸਪੱਸ਼ਟ ਰੂਪ ਵਿੱਚ ਸ਼ੁੱਧ ਪੈਟਰੋਲ ਜਾਂ ਕੁਝ ਮਾਮਲਿਆਂ ਵਿੱਚ ਈ-10 ਪੈਟਰੋਲ ਤੋਂ ਇਲਾਵਾ ਕਿਸੇ ਹੋਰ ਬਾਲਣ ਦੀ ਵਰਤੋਂ ਦੇ ਖਿਲਾਫ ਸਲਾਹ ਦਿੰਦੇ ਹਨ, ਪਰ ਈ-20 ਲਈ ਕਦੇ ਨਹੀਂ ਕਹਿੰਦੇ। ਈ-20 ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਾ ਬਚਣ ਕਾਰਨ, ਇਨ੍ਹਾਂ ਵਾਹਨ ਮਾਲਕਾਂ ਨੂੰ ਬਾਲਣ ਦੀ ਮਾਈਲੇਜ ਵਿੱਚ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਵਾਹਨਾਂ ਵਿੱਚ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ ਅਤੇ ਇੰਜਣ ਤੇ ਫਿਊਲ ਸਿਸਟਮ ਦੇ ਮਹੱਤਵਪੂਰਨ ਪੁਰਜ਼ੇ ਖਰਾਬ ਹੋ ਰਹੇ ਹਨ।