ਪੰਜਾਬ ‘ਚ ਐੱਸ ਆਈ ਆਰ ਪ੍ਰਕਿਰਿਆ 11 ਦਿਨ ਵਧੀ

0
3

ਨਵੀਂ ਦਿੱਲੀ (ਨ ਜ਼ ਸ) : ਭਾਰਤੀ ਚੋਣ ਕਮਿਸ਼ਨ ਨੇ ਬੁੱਧਵਾਰ ਪੰਜਾਬ ਅਤੇ ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਦੀ ਸਮਾਂ-ਸਾਰਣੀ ਨੂੰ ਕ੍ਰਮਵਾਰ 11 ਅਤੇ 12 ਦਿਨਾਂ ਲਈ ਵਧਾ ਦਿੱਤਾ ਹੈ। ਸੋਧੀ ਹੋਈ ਸਮਾਂ-ਸਾਰਣੀ ਮੁਤਾਬਕ ਪੰਜਾਬ ਦੀ ਅੰਤਮ ਵੋਟਰ ਸੂਚੀ ਹੁਣ 12 ਅਕਤੂਬਰ ਨੂੰ ਜਾਰੀ ਹੋਵੇਗੀ, ਜਿਹੜੀ ਪਹਿਲਾਂ ਇੱਕ ਅਕਤੂਬਰ ਨੂੰ ਜਾਰੀ ਹੋਣੀ ਸੀ। ਦਿੱਲੀ ਦੀ ਅੰਤਮ ਵੋਟਰ ਸੂਚੀ 19 ਅਕਤੂਬਰ ਨੂੰ ਆਵੇਗੀ, ਜੋ ਕਿ ਪਹਿਲਾਂ 7 ਅਕਤੂਬਰ ਨੂੰ ਆਉਣੀ ਸੀ। ਪੰਜਾਬ ਵਿੱਚ ਬੀ ਐੱਲ ਓਜ਼ ਵੱਲੋਂ ਵੋਟਰਾਂ ਦੀ ਘਰ-ਘਰ ਜਾ ਕੇ ਪੜਤਾਲ (ਵੈਰੀਫਿਕੇਸ਼ਨ) ਦਾ ਕੰਮ 3 ਅਗਸਤ ਤੱਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨੂੰ 24 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਪੜਤਾਲ ਦੀ ਪ੍ਰਕਿਰਿਆ 25 ਜੂਨ ਨੂੰ ਸ਼ੁਰੂ ਹੋਈ ਸੀ। ਪੰਜਾਬ ਦੀ ਡਰਾਫਟ ਸੂਚੀ 13 ਅਗਸਤ ਨੂੰ ਪ੍ਰਕਾਸ਼ਤ ਹੋਵੇਗੀ। ਇਸ ਤੋਂ ਪਹਿਲਾਂ ਇਹ 31 ਜੁਲਾਈ ਨੂੰ ਜਾਰੀ ਕੀਤੀ ਜਾਣੀ ਸੀ। ਪੰਜਾਬ ਵਿੱਚ ਸੋਧੀ ਹੋਈ ਸਮਾਂ-ਸਾਰਣੀ ਮੁਤਾਬਕ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਨਵੀਂ ਮਿਆਦ 13 ਅਗਸਤ ਤੋਂ 12 ਸਤੰਬਰ 2026 ਤੱਕ ਹੋਵੇਗੀ। ਇਸ ਤੋਂ ਪਹਿਲਾਂ ਇਹ ਪ੍ਰਕਿਰਿਆ 31 ਜੁਲਾਈ ਤੋਂ 30 ਅਗਸਤ ਦਰਮਿਆਨ ਕੀਤੀ ਜਾਣੀ ਸੀ। ਸੂਬੇ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ।