ਨੋਇਡਾ (ਨ ਜ਼ ਸ): ਇੱਥੇ ਸੈਕਟਰ 66 ਵਿੱਚ ਸਥਿਤ ਮਾਮੂਰਾ ਪਿੰਡ ‘ਚ ਬੁੱਧਵਾਰ ਪੰਜ ਮੰਜ਼ਲਾ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਏਰੀਆ ਵਿੱਚ ਚਾਰਜ ਹੋ ਰਹੇ ਇਲੈਕਟ੍ਰਿਕ ਸਕੂਟਰ ਨੂੰ ਲੱਗੀ ਅੱਗ ਨੇ ਦੋ ਲੋਕਾਂ ਦੀ ਜਾਨ ਲੈ ਲਈ ਅਤੇ ਇਮਾਰਤ ਵਿੱਚ ਰਹਿਣ ਵਾਲੇ 100 ਤੋਂ ਵੱਧ ਵਸਨੀਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ। ਹਾਦਸਾ ਫੇਜ਼ 3 ਪੁਲਸ ਸਟੇਸ਼ਨ ਖੇਤਰ ਦੇ ਅਧੀਨ ਮਾਮੂਰਾ ਦੀ ਗਲੀ ਨੰਬਰ 2 ਵਿੱਚ ਵਾਪਰਿਆ।
ਪੁਲਸ ਮੁਤਾਬਕ ਅੱਗ ਇਮਾਰਤ ਦੀ ਪਹਿਲੀ ਮੰਜ਼ਲ ਤੋਂ ਸ਼ੁਰੂ ਹੋਈ ਸੀ, ਜਿੱਥੇ ਇੱਕ ਇਲੈਕਟ੍ਰਿਕ ਸਕੂਟਰ ਚਾਰਜ ਹੋ ਰਿਹਾ ਸੀ। ਚੰਗਿਆੜੀ ਨਿਕਲਣ ਕਾਰਨ ਸਕੂਟਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਾਟਾਂ ਤੇਜ਼ੀ ਨਾਲ ਉੱਥੇ ਪਾਰਕ ਕੀਤੇ ਪੈਟਰੋਲ ਵਾਲੇ ਹੋਰ ਕਈ ਵਾਹਨਾਂ ਤੱਕ ਫੈਲ ਗਈਆਂ। ਸੰਘਣਾ ਧੂੰਆਂ ਤੇਜ਼ੀ ਨਾਲ ਉੱਪਰਲੀਆਂ ਮੰਜ਼ਲਾਂ ਵੱਲ ਚਲਾ ਗਿਆ ਅਤੇ ਘਰਾਂ ਦੇ ਅੰਦਰ ਵੜ ਗਿਆ। ਲੋਕ ਅੰਦਰ ਹੀ ਫਸ ਗਏ। ਇਮਾਰਤ ਵਿੱਚ ਕਰੀਬ 50 ਪਰਵਾਰ ਸਨ। ਦਮ ਘੁੱਟਣ ਨਾਲ 26 ਸਾਲਾ ਔਰਤ ਅਤੇ ਇੱਕ ਮਰਦ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਬਚਾ ਲਏ ਗਏ। ਦੋ ਹੋਰ ਵਿਅਕਤੀ ਝੁਲਸ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।




