ਰਾਹੁਲ ਚੰਨੀ ਨੂੰ ਮਿਲਣ ਦਾ ਟਾਈਮ ਨਹੀਂ ਦੇ ਰਹੇ

0
15

ਨਵੀਂ ਦਿੱਲੀ (ਨ ਜ਼ ਸ)
ਪੰਜਾਬ ਕਾਂਗਰਸ ਵਿੱਚ ਵਧ ਰਹੀ ਗੁਟਬਾਜ਼ੀ ਦਰਮਿਆਨ ਰਾਹੁਲ ਗਾਂਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਚੰਨੀ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਮਿਲੀ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਵਿੱਚ ਨਹੀਂ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਾਰੀ ਰੱਖੇਗੀ।
ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ, ਜਦੋਂ ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਦਿੱਲੀ ਵਿੱਚ ਕਾਂਗਰਸ ਦੇ ਕੁਲ ਹਿੰਦ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨਾਲ ਅਹਿਮ ਬੈਠਕ ਕੀਤੀ। ਬਾਅਦ ਵਿੱਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਰਟਰ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਬੈਠਕ ਹੋਈ, ਜਿਸ ਵਿੱਚ ਚੰਨੀ, ਰੰਧਾਵਾ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ।
ਸੂਤਰਾਂ ਮੁਤਾਬਕ ਚੰਨੀ ਨੇ ਵੇਣੂਗੋਪਾਲ ਨੂੰ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਵਿੱਚ ਅਸਫਲ ਰਹੇ ਹਨ ਅਤੇ ਚਿਤਾਵਨੀ ਦਿੱਤੀ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾ ਨੂੰ ਪ੍ਰਧਾਨ ਵਜੋਂ ਬਰਕਰਾਰ ਰੱਖਣ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪੰਜਾਬ ਦੇ ਇੰਚਾਰਜ ਭੂਪੇਸ਼ ਬਘੇਲ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦਬਾਅ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਨਾਲ ਗਲਤ ਸਿਆਸੀ ਸੰਦੇਸ਼ ਜਾਵੇਗਾ। ਲੀਡਰਸ਼ਿਪ ਸੂਬਾ ਇਕਾਈ ਦੇ ਅੰਦਰ ਮੌਜੂਦਾ ਜਾਤੀ ਸੰਤੁਲਨ ਨੂੰ ਵੀ ਧਿਆਨ ਵਿੱਚ ਰੱਖ ਰਹੀ ਹੈ, ਜਿਸ ਵਿੱਚ ਵੜਿੰਗ ਜੱਟ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਚੰਨੀ ਇੱਕ ਪ੍ਰਮੁੱਖ ਦਲਿਤ ਚਿਹਰਾ ਹਨ।
ਕਾਂਗਰਸ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰਦੇ ਹੋਏ ਇਸ ਅੰਦਰੂਨੀ ਕਲੇਸ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਨਾਲ ਹੀ ਇਹ ਸਟੈਂਡ ਵੀ ਕਾਇਮ ਰੱਖ ਰਹੀ ਹੈ ਕਿ ਜਥੇਬੰਦਕ ਫੈਸਲੇ ਕਿਸੇ ਧੜੇ ਦੇ ਦਬਾਅ ਹੇਠ ਨਹੀਂ ਲਏ ਜਾਣਗੇ।