‘ਚੰਗਾ ਆਚਰਣ’

0
2

22 ਜਨਵਰੀ 1999 ਦੀ ਰਾਤ ਨੂੰ ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ (58) ਅਤੇ ਉਸ ਦੇ ਦੋ ਪੁੱਤਰਾਂ ਟਿਮੋਥੀ (10) ਤੇ ਫਿਲਿਪ (6) ਨੂੰ ਓਡੀਸ਼ਾ ਦੇ ਮਨੋਹਰਪੁਰ ਪਿੰਡ ਵਿੱਚ ਚਰਚ ਦੇ ਅਹਾਤੇ ਵਿੱਚ ਵੈਗਨ ‘ਚ ਸੁੱਤੇ ਪਿਆਂ ਨੂੰ ਸਾੜ ਕੇ ਮਾਰ ਦੇਣ ਦੇ ਦੋਸ਼ ਵਿੱਚ ਪਿਛਲੇ 26 ਸਾਲਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਮੁੱਖ ਦੋਸ਼ੀ ਰਵਿੰਦਰ ਕੁਮਾਰ ਪਾਲ ਉਰਫ ਦਾਰਾ ਸਿੰਘ ਨੂੰ ‘ਚੰਗੇ ਆਚਰਣ’ ਦੇ ਆਧਾਰ ‘ਤੇ ਓਡੀਸ਼ਾ ਦੀ ਕਿਓਂਝਾਰ ਜੇਲ੍ਹ ਵਿੱਚੋਂ ਛੇਤੀ ਹੀ ਰਿਹਾਅ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਤੇ ਵਿਜੇ ਬਿਸ਼ਨੋਈ ਨੇ ਸੂਬਾ ਸਰਕਾਰ ਨੂੰ ਮੰਗਲਵਾਰ ਕਿਹਾ ਕਿ ਉਹ ਇਸ ਬਾਰੇ 15 ਅਗਸਤ ਤੱਕ ਫੈਸਲਾ ਕਰੇ। ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ। ਫਾਜ਼ਲ ਜੱਜਾਂ ਨੇ ਕਿਹਾ ਕਿ ਦਾਰਾ ਸਿੰਘ ਨੂੰ ਵੀ ਆਜ਼ਾਦੀ ਦਾ ਜਸ਼ਨ ਮਨਾਉਣ ਦਿੱਤਾ ਜਾਵੇ। ਸੂਬਾ ਸਰਕਾਰ ਦੇ ਵਕੀਲ ਨੇ ਇਹ ਕਹਿੰਦਿਆਂ ਕੁਝ ਸਮਾਂ ਮੰਗਿਆ ਕਿ ਰਾਜ ਸਜ਼ਾ ਨਜ਼ਰਸਾਨੀ ਬੋਰਡ ਨੇ ਰਿਹਾਈ ਦੀ ਸਿਫਾਰਸ਼ ਕਰਨ ਲਈ ਕੁਝ ਹੋਰ ਦਸਤਾਵੇਜ਼ ਮੰਗੇ ਹਨ।
ਕਿਓਂਝਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਤਜਵੀਜ਼ ਪ੍ਰਾਪਤ ਹੋਣ ਤੋਂ ਬਾਅਦ ਆਈ ਜੀ (ਜੇਲ੍ਹ) ਦਾਰਾ ਸਿੰਘ ਦੀ ਰਿਹਾਈ ਦੀ ਸਿਫਾਰਸ਼ ਕਰ ਚੁੱਕੇ ਹਨ। ਓਡੀਸ਼ਾ ਰਾਜ ਸਜ਼ਾ ਨਜ਼ਰਸਾਨੀ ਬੋਰਡ, ਜਿਸ ਦੀ ਮੀਟਿੰਗ ਜੁਲਾਈ ਦੇ ਪਹਿਲੇ ਹਫਤੇ ਹੋਈ, ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੇ ਮਾਮਲਿਆਂ ‘ਤੇ ਵਿਚਾਰ ਕੀਤਾ, ਜੋ ਸਮੇਂ ਤੋਂ ਪਹਿਲਾਂ ਰਿਹਾਈ ਦੇ ਪਾਤਰ ਸਨ। ਇਸ ਤੋਂ ਪਹਿਲਾਂ ਸਤੰਬਰ 2025 ਵਿੱਚ ਹੋਈ ਬੋਰਡ ਦੀ ਪਿਛਲੀ ਮੀਟਿੰਗ ਵਿੱਚ 107 ਮਾਮਲਿਆਂ ‘ਤੇ ਵਿਚਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 18 ਮਾਮਲਿਆਂ ਵਿੱਚ ਰਿਹਾਈ ਦੀ ਸਿਫਾਰਸ਼ ਕੀਤੀ ਗਈ ਸੀ, 75 ਮਾਮਲਿਆਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ 14 ਮਾਮਲਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਓਡੀਸ਼ਾ ਦੇ ਜੇਲ੍ਹ ਅਤੇ ਸੁਧਾਰ ਸੇਵਾ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੇ ਦੱਸਿਆ, ”ਨਵੰਬਰ 2025 ਵਿੱਚ ਸਰਕਾਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਰੇ 18 ਦੋਸ਼ੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸਮੇਂ ਤੋਂ ਪਹਿਲਾਂ ਰਿਹਾਈ ਲਈ ਵਿਚਾਰ ਲਈ ਮੁਲਤਵੀ ਕੀਤੇ ਗਏ ਸਾਰੇ 14 ਕੇਸ ਬੋਰਡ ਦੇ ਸਾਹਮਣੇ ਰੱਖੇ ਗਏ ਸਨ। ਦਾਰਾ ਸਿੰਘ ਦਾ ਕੇਸ ਉਨ੍ਹਾਂ ਵਿੱਚੋਂ ਇੱਕ ਸੀ।”
ਬਜਰੰਗ ਦਲ ਦੇ ਕਾਰਕੁੰਨ ਦਾਰਾ ਸਿੰਘ ਨੇ ਇੱਕ ਭੀੜ ਦੀ ਅਗਵਾਈ ਕਰਦਿਆਂ ਉਸ ਵੈਗਨ ਨੂੰ ਅੱਗ ਲਗਾ ਦਿੱਤੀ, ਜਿਸ ਵਿੱਚ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰ ਸੁੱਤੇ ਪਏ ਸਨ। ਕੋਹੜ ਦੇ ਮਰੀਜ਼ਾਂ ਲਈ ਆਸਰਾ ਘਰ ਚਲਾਉਣ ਵਾਲੇ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਦੀ ਸੜ ਕੇ ਮੌਤ ਹੋ ਗਈ ਸੀ। 2003 ਵਿੱਚ ਖੁਰਦਾ ਦੀ ਟ੍ਰਾਇਲ ਕੋਰਟ ਨੇ ਦਾਰਾ ਸਿੰਘ ਨੂੰ ਮੌਤ ਦੀ, ਜਦੋਂ ਕਿ 12 ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਓਡੀਸ਼ਾ ਹਾਈ ਕੋਰਟ ਨੇ ਦਾਰਾ ਸਿੰਘ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਦਾਰਾ ਸਿੰਘ ਨੂੰ ਇੱਕ ਮੁਸਲਿਮ ਵਪਾਰੀ ਅਤੇ ਇੱਕ ਹੋਰ ਈਸਾਈ ਮਿਸ਼ਨਰੀ ਦੇ ਕਤਲ ਦੇ ਦੋ ਹੋਰ ਮਾਮਲਿਆਂ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਮਾਮਲਿਆਂ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਓਡੀਸ਼ਾ ਦੇ ਵਰਤਮਾਨ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ 2022 ਵਿੱਚ ਸੁਦਰਸ਼ਨ ਟੀ ਵੀ ਦੇ ਸੰਪਾਦਕ ਸੁਰੇਸ਼ ਚਵ੍ਹਾਨਕੇ ਵੱਲੋਂ ਉਠਾਈ ਗਈ ਦਾਰਾ ਸਿੰਘ ਦੀ ਰਿਹਾਈ ਦੀ ਮੰਗ ਦਾ ਸਮਰਥਨ ਕੀਤਾ ਸੀ। ਮਾਝੀ ਉਸ ਸਮੇਂ ਭਾਜਪਾ ਵਿਧਾਇਕ ਸਨ। ਇਸਲਾਮ ਦੇ ਕੱਟੜ ਵਿਰੋਧ ਲਈ ਜਾਣਿਆ ਜਾਂਦਾ ਚਵ੍ਹਾਨਕੇ ਲੰਬੇ ਸਮੇਂ ਤੋਂ ਦਾਰਾ ਸਿੰਘ ਦੀ ਰਿਹਾਈ ਲਈ ਮੁਹਿੰਮ ਚਲਾ ਰਿਹਾ ਹੈ। ਸਤੰਬਰ 2022 ਵਿੱਚ ਚਵ੍ਹਾਨਕੇ ਨੂੰ ਕਿਓਂਝਾਰ ਜੇਲ੍ਹ ਵਿੱਚ ਦਾਰਾ ਸਿੰਘ ਨੂੰ ਮਿਲਣ ਦੀ ਆਗਿਆ ਨਹੀਂ ਸੀ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਅਤੇ ਉਸ ਦੇ ਨਾਲ ਆਏ ਭਾਜਪਾ ਆਗੂਆਂ, ਜਿਨ੍ਹਾਂ ਵਿੱਚ ਮੋਹਨ ਚਰਨ ਮਾਝੀ ਵੀ ਸ਼ਾਮਲ ਸਨ, ਨੇ ਜੇਲ੍ਹ ਅਧਿਕਾਰੀਆਂ ‘ਤੇ ਦਬਾਅ ਪਾਉਣ ਲਈ ਧਰਨਾ ਦਿੱਤਾ ਸੀ। ਜਦੋਂ ਕਿਓਂਝਰ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਦਾਰਾ ਸਿੰਘ ਨੂੰ 2022 ਵਿੱਚ ਸਿਰਫ ਉਸ ਦੇ ਪਰਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਚਵ੍ਹਾਨਕੇ, ਮਾਝੀ ਅਤੇ ਹੋਰ ਭਾਜਪਾ ਆਗੂਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਉਸ ਸਮੇਂ ਅਸੈਂਬਲੀ ਵਿੱਚ ਭਾਜਪਾ ਦੇ ਚੀਫ ਵ੍ਹਿਪ ਰਹੇ ਮੋਹਨ ਚਰਨ ਮਾਝੀ ਨੇ ਕਿਹਾ ਸੀ, ”ਇਹ ਸਿਰਫ ਇੱਕ ਮੰਗ ਹੈ। ਜੇ ਸਥਿਤੀ ਸਹੀ ਰਹੀ ਤਾਂ ਅਸੀਂ ਪਾਰਟੀ ਦੇ ਅੰਦਰ ਦਾਰਾ ਸਿੰਘ ਦੇ ਸਮਰਥਨ ‘ਤੇ ਚਰਚਾ ਕਰਾਂਗੇ।” ਹੁਣ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਮਾਝੀ ਮੁੱਖ ਮੰਤਰੀ ਹਨ।
ਚੇਤੇ ਰਹੇ ਇਸੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਮਹਿੰਦਰ ਹੈਮਬ੍ਰਮ ਨੂੰ ਰਾਜ ਸਜ਼ਾ ਨਜ਼ਰਸਾਨੀ ਬੋਰਡ ਦੀ ਸਿਫਾਰਸ਼ ‘ਤੇ ‘ਚੰਗੇ ਆਚਰਣ’ ਦੇ ਆਧਾਰ ‘ਤੇ 16 ਅਪ੍ਰੈਲ 2025 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਉਦੋਂ ਜੇਲ੍ਹ ਦੇ ਬਾਹਰ ਉਸ ਦੇ ਹਮਾਇਤੀਆਂ ਨੇ ਹਾਰ ਪਾ ਕੇ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਾ ਕੇ ਉਸ ਦਾ ਸਵਾਗਤ ਕੀਤਾ ਸੀ। ਹੈਰਾਨੀ ਨਹੀਂ ਹੋਵੇਗੀ ਜੇ ਦਾਰਾ ਸਿੰਘ ਦੀ ‘ਚੰਗੇ ਆਚਰਣ’ ਦੇ ਹਵਾਲੇ ਨਾਲ ਰਿਹਾਈ ਕਰ ਦਿੱਤੀ ਜਾਵੇ। ਹੁਣ ਤਾਂ ਸੁਪਰੀਮ ਕੋਰਟ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ। ਬਦਕਿਸਮਤ ਉਮਰ ਖਾਲਿਦ ਵਰਗੇ ਹਨ, ਜਿਹੜੇ ਬਿਨਾਂ ਮੁਕੱਦਮੇ ਦੇ ਵਰ੍ਹਿਆਂ ਤੋਂ ਜੇਲ੍ਹਾਂ ਵਿੱਚ ਸੜ ਰਹੇ ਹਨ।