ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕੀਤਾ : ਧਾਲੀਵਾਲ

0
10

ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਸਥਾਨਕ ਬਾਠ ਰੋਡ ‘ਤੇ ਬਣੇ ਅਰਜਨ ਸਿੰਘ ਗੜਗੱਜ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਬਲਵਿੰਦਰ ਸਿੰਘ ਦਦੇਹਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਅਟੈਂਡ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਉਚੇਚੇ ਤੌਰ ‘ਤੇ ਪਹੁੰਚੇ। ਸੂਬਾ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲ੍ਹਾ ਐਗਜ਼ੈਕਟਿਵ ਅਤੇ ਕੌਂਸਲ ਮੀਟਿੰਗ ਵਿੱਚ ਸ਼ਾਮਲ ਹੋਣ ‘ਤੇ ਜ਼ਿਲ੍ਹਾ ਪਾਰਟੀ ਨੇ ਹਾਰਦਿਕ ਸਵਾਗਤ ਕਰਦਿਆਂ ਸੂਬਾ ਸਕੱਤਰ ਦਾ ਹਾਰ ਪਾ ਕੇ ਸਨਮਾਨਤ ਕੀਤਾ। ਮੀਟਿੰਗ ਦੀ ਕਾਰਵਾਈ ਬਾਰੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਦੱਸਿਆ ਕਿ ਜ਼ਿਲਾ ਕੌਂਸਲ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸੀ ਪੀ ਆਈ ਵੱਲੋਂ 1 ਸਤੰਬਰ ਨੂੰ ਦਿੱਲੀ ਦੀ ਰਾਮਲੀਲ੍ਹਾ ਗਰਾਊਂਡ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਖਿਲਾਫ਼ ਵਿਸ਼ਾਲ ‘ਬਦਲਾਅ ਰੈਲੀ’ ਕੀਤੀ ਜਾ ਰਹੀ ਹੈ। ਇਸ ਵਿੱਚ ਜਿਥੇ ਪੂਰੇ ਦੇਸ਼ ਵਿੱਚੋਂ ਪਾਰਟੀ ਦੇ ਵਰਕਰ ਤੇ ਮਿਹਨਤਕਸ਼ ਲੋਕ ਵੱਡੀ ਗਿਣਤੀ ਵਿੱਚ ਪਹੁੰਚਣਗੇ, ਉਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੀ ਵੱਡੇ ਕਾਫਲੇ ਇਸ ਰੈਲੀ ਵਿੱਚ ਵਹੀਰਾਂ ਘੱਤ ਕੇ ਪਹੁੰਚਣਗੇ, ਜਿਸ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ।ਕਾਮਰੇਡ ਧਾਲੀਵਾਲ ਨੇ ਕਿਹਾ ਕਿ ਇਸ ਬਦਲਾਅ ਰੈਲੀ ਦੇ ਮੁੱਖ ਮੁੱਦੇ, ਜਿਵੇਂ ਦੇਸ਼ ਵਿੱਚ ਦਿਨੋ-ਦਿਨ ਵੱਧ ਰਹੀ ਬੇਰੁਜ਼ਗਾਰੀ, ਬੇਰੋਕ ਵਧ ਰਹੀ ਮਹਿੰਗਾਈ ਤੇ ਇਸ ਨਾਲ ਪੈਦਾ ਹੋ ਰਹੀਆਂ ਹੋਰ ਸਮੱਸਿਆਵਾਂ ਤੋਂ ਇਲਾਵਾ ਮਜ਼ਦੂਰਾਂ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਚੰਗੀਆਂ ਉਜਰਤਾਂ ਦੇਣ ਦੀ ਬਜਾਏ ਦੇਸ਼ ਦਾ ਹਾਕਮ ਪੂੰਜੀਪਤੀਆਂ ਦੇ ਹਿੱਤ ਪੂਰਨ ਲਈ ਪੱਬਾਂ ਭਾਰ ਹੋ ਕੇ ਲੋਕ ਮਾਰੂ ਨੀਤੀਆਂ ਘੜ ਰਿਹਾ ਹੈ, ਦੇਸ਼ ਦੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਲਈ ਅਮਰੀਕਾ ਦੇ ਦਬਾਅ ਹੇਠ ਸਮਝੌਤੇ ਕੀਤੇ ਜਾ ਰਹੇ ਹਨ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਹਰੇਕ ਫਸਲ ‘ਤੇ ਐੱਮ ਐੱਸ ਪੀ ਦੇਣ ਦੇ ਵਾਅਦੇ ਹਵਾ ਬਣ ਗਏ ਹਨ।ਉਹਨਾ ਕਿਹਾ ਕਿ ਸੀ ਪੀ ਆਈ ਆਮ ਸਧਾਰਨ ਕਾਰੋਬਾਰੀ ਤੇ ਕਿਰਤੀ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਭਾਰਤ ਨੂੰ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਨਾਲ ਖੁੱਲਾ ਵਪਾਰ ਨਾ ਕਰਨ ਲਈ ਜ਼ੋਰ ਪਾਉਣ, ਦੇਸ਼ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ਹੋਣ ਦੀਆਂ ਮੰਦਭਾਗੀਆਂ ਘਟਨਾਵਾਂ ਵਿਰੁੱਧ ਆਵਾਜ਼ ਉੱਚੀ ਕਰਨ ਲਈ ਅਤੇ ਦੇਸ਼ ਦੇ ਮਿਹਨਤਕਸ਼ ਅਵਾਮ ਦੀਆਂ ਤਕਲੀਫ਼ਾਂ ਨਾਲ ਸਬੰਧਤ ਮੁੱਦਿਆਂ ਲਈ ਆਵਾਜ਼ ਉਠਾਵੇਗੀ।ਪੰਜਾਬ ਤੋਂ ਵੱਡੀ ਗਿਣਤੀ ‘ਚ ਪਾਰਟੀ ਵਰਕਰ ਤੇ ਹੋਰ ਲੋਕ ਇਸ ਰੈਲੀ ਵਿੱਚ ਸ਼ਾਮਲ ਕਰਵਾਉਣ ਲਈ ਪੂਰੇ ਜ਼ੋਰ-ਸ਼ੋਰ ਨਾਲ ਹੇਠਲੀ ਪੱਧਰ ‘ਤੇ ਪਿੰਡੋ-ਪਿੰਡ ਸੰਪਰਕ ਮੁਹਿੰਮ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ। ਉਹਨਾ ਕਿਹਾ ਕਿ ਪੰਜਾਬ ਦੀਆਂ ਹੱਕੀ, ਮੰਗਾਂ ਜਿਵੇਂ ਪਾਣੀਆਂ ਦਾ ਮਸਲਾ, ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ, ਬੀ ਬੀ ਐੱਮ ਬੀ ਵਿੱਚ ਪੰਜਾਬ ਦੀ ਪੱਕੀ ਹਿੱਸੇਦਾਰੀ ਸਮੇਤ ਆਮ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਅਵਾਜ਼ ਦਿੱਲੀ ਦੀ ‘ਬਦਲਾਅ ਰੈਲੀ’ ਵਿੱਚ ਉਠਾਈ ਜਾਵੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਹਾਕਮਾਂ ਸਾਹਮਣੇ ਰੱਖਦਿਆਂ ਮਿਹਨਤਕਸ਼ ਲੋਕਾਂ ਤੇ ਵਪਾਰੀਆਂ/ਕਾਰੋਬਾਰੀਆਂ ਦਾ ਉਜਾੜਾ ਕਰਨ ਵਾਲੀਆਂ ਨੀਤੀਆਂ ਤੋਂ ਅਵਾਮ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਿਵੇਂ ਦੇਸ਼ ਦੀ ਕੇਂਦਰ ਸਰਕਾਰ ਅਮਰੀਕਾ ਵਰਗੇ ਸਾਮਰਾਜੀ ਮੁਲਕ ਥੱਲੇ ਲੱਗ ਕੇ ਸਾਡੇ ਦੇਸ਼ ਦੀ ਖੇਤੀ, ਸਨਅਤ ਅਤੇ ਹੋਰ ਕਾਰੋਬਾਰ ਸੰਕਟ ਵਿੱਚ ਪਾਉਣ ਜਾ ਰਹੀ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਹੋਰ ਲੋਕ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ, ਕਿਉਂਕਿ ਅਮਰੀਕਾ ਵਰਗੇ ਦੇਸ਼ਾਂ ਨਾਲ ਖੁੱਲ੍ਹਾ ਵਪਾਰ ਕਰਨਾ ਦੇਸ਼ ਦੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਇਸ ਲਈ ਸਾਨੂੰ ਸਾਡੇ ਵਰਗੇ ਗੁਆਂਢੀ ਮੁਲਕਾਂ ਨਾਲ ਵਪਾਰ ਲਈ ਆਪਣੀਆਂ ਸਰਹੱਦਾਂ ਖੋਲ੍ਹਣੀਆਂ ਚਾਹੀਦੀਆਂ ਹਨ। ਉਹਨਾ ਕਿਹਾ ਕਿ ਅੱਜ ਪੰਜਾਬ ਦੀ ਸਰਕਾਰ ਵੀ ਪੰਜਾਬ ਦੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ, ਸਗੋਂ ਇਸ਼ਤਿਹਾਰਬਾਜ਼ੀ ਰਾਹੀਂ ਆਪਣੀ ਮਸ਼ਹੂਰੀ ਆਪ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦੋਂ ਕਿ ਬੇਰੁਜ਼ਗਾਰੀ, ਨਸ਼ਾਖੋਰੀ, ਗੈਂਗਸਟਰਵਾਦ ਆਦਿ ਬੁਰਾਈਆਂ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਨਾਲ ਸਾਡੀ ਜਵਾਨੀ ਕੁਰਾਹੇ ਪੈ ਰਹੀ ਹੈ ਅਤੇ ਆਮ ਇਨਸਾਨ ਦਾ ਜਿਉਣਾ ਦੁੱਭਰ ਹੋ ਰਿਹਾ ਹੈ। ਇਸ ਮੌਕੇ ਪੰਜਾਬ ਇਸਤਰੀ ਸਭਾ ਦੇ ਪ੍ਰਧਾਨ ਰਾਜਿੰਦਰਪਾਲ ਕੌਰ, ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਹੋਰਨਾਂ ਤੋਂ ਇਲਾਵਾ ਸਥਾਨਕ ਾਰਟੀ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਤਾਰਾ ਸਿੰਘ ਖਹਿਰਾ, ਚਰਨ ਸਿੰਘ, ਬਲਜੀਤ ਸਿੰਘ ਫਤਿਆਬਾਦ, ਕਿਰਨਜੀਤ ਕੌਰ ਵਲਟੋਹਾ, ਸੀਮਾ ਸੋਹਲ, ਕਾਰਜ ਸਿੰਘ ਕੈਰੋਂ, ਪੂਰਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਕਾਲਾ, ਵਿਸ਼ਾਲਦੀਪ ਸਿੰਘ ਵਲਟੋਹਾ, ਮਨਜੀਤ ਸਿੰਘ ਢੰਡ, ਦਰਸ਼ਨ ਸਿੰਘ ਬਿਹਾਰੀਪੁਰ, ਅਵਤਾਰ ਸਿੰਘ ਪਲਾਸੌਰ, ਗੁਰਦਿਆਲ ਸਿੰਘ ਵਰਨਾਲਾ, ਪਰਮਜੀਤ ਸਿੰਘ ਚੋਹਲਾ, ਜੈਮਲ ਸਿੰਘ ਬਾਠ ਸਾਰੇ ਜ਼ਿਲਾ ਕੌਂਸਲ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ।