ਮੁਹਾਲੀ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਇੱਥੇ 2800 ਨਵੇਂ ਡਿਪੂ ਹੋਲਡਰਾਂ ਨੂੰ ਨਿਯੁਕਤੀ ਅਤੇ ਅਲਾਟਮੈਂਟ ਪੱਤਰ ਸੌਂਪੇ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਲਾਇਸੰਸ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਦਿੱਤੇ ਗਏ ਹਨ। ਇਨ੍ਹਾਂ ਨਵੇਂ ਡਿਪੂਆਂ ਦੇ ਖੁੱਲ੍ਹਣ ਨਾਲ ਪੰਜਾਬ ਦੇ ਲੱਗਭੱਗ ਸਾਢੇ ਪੰਜ ਲੱਖ ਪਰਵਾਰਾਂ ਨੂੰ ‘ਮੇਰੀ ਰਸੋਈ ਕਿੱਟ’ ਅਤੇ ਹੋਰ ਰਾਸ਼ਨ ਉਨ੍ਹਾਂ ਦੇ ਘਰਾਂ ਦੇ ਬਿਲਕੁਲ ਨੇੜੇ ਆਸਾਨੀ ਨਾਲ ਮਿਲ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਲੜਾਈ ਨਹੀਂ ਲੜਦੇ, ਸਗੋਂ ਸਿਰਫ ਆਪਣੀ ਕੁਰਸੀ ਬਚਾਉਣ ਵਿੱਚ ਲੱਗੇ ਹੋਏ ਹਨ। ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਅੰਦਰਖਾਤੇ ਇਕੱਠੀਆਂ ਹਨ ਅਤੇ ਇਨ੍ਹਾਂ ਦਾ ਇੱਕੋ-ਇੱਕ ਮਕਸਦ ਭਗਵੰਤ ਮਾਨ ਦਾ ਵਿਰੋਧ ਕਰਨਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਲ ਹਨ, ਇਸ ਲਈ ਉਨ੍ਹਾ ਨੂੰ ਵਿਰੋਧੀਆਂ ਦੀ ਪਰਵਾਹ ਨਹੀਂ ਹੈ। ਮੁੱਖ ਮੰਤਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਭਵਿੱਖ ਵਿੱਚ ਵਿਰੋਧੀ ਪਾਰਟੀਆਂ ਦੀ ਸਰਕਾਰ ਬਣਦੀ ਹੈ ਤਾਂ ਉਹ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦੇਣਗੇ। ਖਾਸ ਕਰਕੇ ਔਰਤਾਂ ਨੂੰ ਮਿਲਣ ਵਾਲੀ 1000 ਅਤੇ 1500 ਰੁਪਏ ਦੀ ਵਿੱਤੀ ਸਹਾਇਤਾ ਬੰਦ ਹੋਣ ਦਾ ਖਦਸ਼ਾ ਹੈ। ਉਨ੍ਹਾ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਤੇ ਪੰਜਾਬ ਨੂੰ ਲੁੱਟਣ ਦੇ ਗੰਭੀਰ ਦੋਸ਼ ਲਾਏ। ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਹੋਰ ਮਾਮਲਿਆਂ ਲਈ ਅਕਾਲ ਤਖਤ ਸਾਹਿਬ ‘ਤੇ ਜਾ ਕੇ ਆਪਣੀ ਗਲਤੀ ਕਬੂਲ ਕੀਤੀ ਸੀ, ਉਦੋਂ ਉਨ੍ਹਾ ਖਿਲਾਫ ਗੁਰਦੁਆਰਿਆਂ ਦੇ ਬਾਹਰ ਪੋਸਟਰ ਕਿਉਂ ਨਹੀਂ ਲਗਾਏ ਗਏ? ਉਨ੍ਹਾ ਕਿਹਾ ਕਿ ਅੱਜ ਸਰਕਾਰ ਖਿਲਾਫ ਪੋਸਟਰ ਲਗਾਉਣ ਵਾਲੇ ਆਗੂ ਵੀ ਪਹਿਲਾਂ ਆਪਣੀਆਂ ਪਤਨੀਆਂ, ਮਾਵਾਂ ਅਤੇ ਧੀਆਂ ਦੇ ‘ਸਤਿਕਾਰ ਯੋਜਨਾ’ ਤਹਿਤ ਫਾਰਮ ਭਰ ਕੇ ਲਾਹਾ ਲੈਂਦੇ ਹਨ। ਸਮਾਰੋਹ ਵਿੱਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ, ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ, ਵਰਿੰਦਰ ਸ਼ਰਮਾ, ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਵਿਧਾਇਕ ਬੁੱਧਰਾਮ ਸਮੇਤ ਕਈ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।





