ਜਲਾਲਾਬਾਦ/ਫਾਜ਼ਿਲਕਾ (ਪਰਮਜੀਤ ਢਾਬਾਂ,
ਜੀਤ ਕੁਮਾਰ/ਨਿਸ਼ਾ ਸ਼ਰਮਾ)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਜੇ ਈ ਨੂੰ ਕਥਿਤ ਤੌਰ ‘ਤੇ ਚਿੱਟੇ ਦੇ ਝੂਠੇ ਮਾਮਲੇ ਵਿੱਚ ਫਸਾਉਣ ਸੰਬੰਧੀ ਚੱਲ ਰਹੀ ਜਾਂਚ ਦੌਰਾਨ ਡੀ ਐੱਸ ਪੀ ਸਬ-ਡਵੀਜ਼ਨ ਜਲਾਲਾਬਾਦ ਦਾ ਨਾਂਅ ਸਾਹਮਣੇ ਆਉਣ ਨਾਲ ਪੁਲਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਵੱਲੋਂ ਅਦਾਲਤ ਵਿੱਚ ਡੀ ਐੱਸ ਪੀ ਜਲਾਲਾਬਾਦ ਦੇ ਖਿਲਾਫ ਬਿਆਨ ਦਰਜ ਕਰਵਾਉਣ ਤੋਂ ਬਾਅਦ ਥਾਣਾ ਮੰਡੀ ਅਰਨੀਵਾਲਾ ਪੁਲਸ ਨੇ ਅਦਾਲਤ ਦੇ ਹੁਕਮਾਂ ‘ਤੇ ਡੀ ਐੱਸ ਪੀ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਹੈ। ਜੇ ਈ ਅਮਿਤ ਕੁਮਾਰ ਵਾਸੀ ਮੰਡੀ ਰੋੜਾਂਵਾਲੀ ਨੇ ਥਾਣਾ ਅਰਨੀਵਾਲਾ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ 3 ਜੂਨ ਨੂੰ ਸਵੇਰੇ ਜਦੋਂ ਉਹ ਆਪਣੀ ਕਾਰ ਰਾਹੀਂ ਮੰਡੀ ਰੋੜਾਂਵਾਲੀ ਤੋਂ ਅਰਨੀਵਾਲਾ ਆਪਣੀ ਡਿਊਟੀ ‘ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਗੰਗ ਕੈਨਾਲ ਪੁਲ ‘ਤੇ ਉਹ ਨਹਿਰ ਦੇ ਕੰਢੇ ਲੱਗੇ ਨਲਕੇ ਤੋਂ ਕਾਰ ਵਿੱਚ ਰੱਖੇ ਵਾਟਰ ਕੂਲਰ ‘ਚ ਪਾਣੀ ਭਰਨ ਲੱਗਾ। ਇਸੇ ਦੌਰਾਨ ਅਚਾਨਕ ਇੱਕ ਸਵਿਫਟ ਕਾਰ ‘ਚ ਸਵਾਰ ਤਿੰਨ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਅਤੇ ਗੱਡੀ ਦੀ ਤਲਾਸ਼ੀ ਲੈਂਦਿਆਂ ਕਾਰ ਦੀ ਸੀਟ ਹੇਠੋਂ ਇੱਕ ਪੈਕੇਟ ਬਰਾਮਦ ਕੀਤਾ। ਇਸ ਪੈਕੇਟ ਬਾਰੇ ਜੇ ਈ ਨੂੰ ਕੋਈ ਜਾਣਕਾਰੀ ਨਹੀਂ ਸੀ। ਇੰਨੇ ਨੂੰ ਉੱਥੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਮੌਕੇ ‘ਤੇ ਡੀ ਐੱਸ ਪੀ ਜਲਾਲਾਬਾਦ ਗੁਰਸੇਵਕ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਉੱਥੇ ਡੀ ਐੱਸ ਪੀ ਵੱਲੋਂ ਜੇ ਈ ਕੋਲੋਂ ਪੁੱਛਗਿੱਛ ਕੀਤੀ ਗਈ। ਲੋਕਾਂ ਦਾ ਭਾਰੀ ਇਕੱਠ ਹੋ ਜਾਣ ਕਾਰਨ ਅਤੇ ਮਾਮਲਾ ਸ਼ੱਕੀ ਜਾਪਦਾ ਹੋਣ ਕਰਕੇ, ਅਗਲੀ ਕਾਰਵਾਈ ਲਈ ਜੇ ਈ ਨੂੰ ਬਰਾਮਦਸ਼ੁਦਾ ਪੈਕੇਟ ਸਮੇਤ ਸੀ ਆਈ ਏ ਸਟਾਫ ਫਾਜ਼ਿਲਕਾ ਵਿਖੇ ਲਿਜਾਇਆ ਗਿਆ। ਉੱਥੇ ਪੁਲਸ ਮੁਲਾਜ਼ਮਾਂ ਵੱਲੋਂ ਜਦੋਂ ਇਸ ਪੈਕੇਟ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਜਿਸ ਕਰਕੇ ਜੇ ਈ ਨੂੰ ਉੱਥੋਂ ਫਾਰਗ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਪੀੜਤ ਜੇ ਈ ਵੱਲੋਂ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ 2 ਜੂਨ ਦੀ ਰਾਤ ਨੂੰ ਸੁਖਜਿੰਦਰ ਸਿੰਘ ਉਰਫ ਸ਼ਮੀ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਅਰੋੜਾ ਵਾਲਾ ਉਰਫ ਤੰਬੂ ਵਾਲਾ, ਸਾਗਰ ਪੁੱਤਰ ਚੰਦਰਪਾਲ ਅਤੇ ਰਾਜਨ ਕੁਮਾਰ ਉਰਫ ਨੰਨੂ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਮੰਡੀ ਰੋੜਾਂਵਾਲੀ ਨੇ ਇੱਕ ਸਾਜ਼ਿਸ਼ ਤਹਿਤ ਉਸ ਦੀ ਕਾਰ ਦੀ ਸੀਟ ਹੇਠਾਂ ਭੂਰੇ ਰੰਗ ਦੀ ਟੇਪ ਨਾਲ ਲਪੇਟ ਕੇ ਉਹ ਪੈਕੇਟ ਰੱਖਿਆ ਸੀ, ਤਾਂ ਜੋ ਉਸ ਦੇ ਖਿਲਾਫ ਐੱਨ ਡੀ ਪੀ ਐੱਸ ਐਕਟ ਤਹਿਤ ਝੂਠਾ ਮੁਕੱਦਮਾ ਦਰਜ ਕਰਵਾਇਆ ਜਾ ਸਕੇ। ਪੁਲਸ ਨੇ ਮੁਦਈ ਜੇ ਈ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਅਰਨੀਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀ।
ਮੁਕੱਦਮੇ ਦੀ ਤਫਤੀਸ਼ ਦੌਰਾਨ ਜਦੋਂ ਗ੍ਰਿਫਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਬਿਆਨ ਦਰਜ ਕਰਵਾਏ ਕਿ ਇਸ ਸਾਰੀ ਸਾਜ਼ਿਸ਼ ਅਤੇ ਘਟਨਾ ਵਿੱਚ ਡੀ ਐੱਸ ਪੀ ਗੁਰਸੇਵਕ ਸਿੰਘ ਵੀ ਬਰਾਬਰ ਸ਼ਾਮਲ ਹਨ। ਮੁਲਜ਼ਮਾਂ ਦੇ ਇਸ ਬਿਆਨ ‘ਤੇ ਸਖਤ ਨੋਟਿਸ ਲੈਂਦਿਆਂ ਅਦਾਲਤ ਦੇ ਹੁਕਮਾਂ ਮੁਤਾਬਕ 15 ਜੁਲਾਈ ਨੂੰ ਗੁਰਸੇਵਕ ਸਿੰਘ ਨੂੰ ਵੀ ਇਸ ਮੁਕੱਦਮੇ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕਰ ਲਿਆ ਗਿਆ ਹੈ।
ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਡੀ ਐੱਸ ਪੀ ਖਿਲਾਫ ਬਣਦੀ ਵਿਭਾਗੀ ਕਾਰਵਾਈ ਲਈ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਡੀ ਐੱਸ ਪੀ ਲਾਪਤਾ ਦੱਸਿਆ ਜਾ ਰਿਹਾ ਹੈ।





