ਅਟਲਾਂਟਾ (ਨਵਾਂ ਜ਼ਮਾਨਾ ਸਰਵਿਸ)
ਵਰਲਡ ਕੱਪ ਫੁੱਟਬਾਲ ਦੇ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪੁੱਜਣ ਲਈ ਅਰਜਨਟੀਨਾ ਨੂੰ ਹੈਂਡ ਆਫ ਗੌਡ (ਰੱਬ ਦੇ ਹੱਥ) ਦੀ ਲੋੜ ਨਹੀਂ ਪਈ। ਉਸ ਨੇ ਸੈਮੀਫਾਈਨਲ ‘ਚ ਬੁੱਧਵਾਰ ਰਾਤ ਇੱਕ ਗੋਲ ਨਾਲ ਪਿਛੜਨ ਦੇ ਬਾਵਜੂਦ ਕਪਤਾਨ ਲਿਓਨਲ ਮੈਸੀ ਦੇ ਜਾਦੂਈ ਪੱਬਾਂ ਦੀ ਬਦੌਲਤ ਦੋ ਗੋਲ ਠੋਕ ਕੇ ਇੰਗਲੈਂਡ ਨੂੰ ਹਰਾ ਦਿੱਤਾ। 1986 ਦੇ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਡੀਏਗੋ ਮਾਰਾਡੋਨਾ ਵੱਲੋਂ ਇੰਗਲੈਂਡ ਖਿਲਾਫ ਕੀਤੇ ਗਏ ਗੋਲ ਨੂੰ ‘ਹੈਂਡ ਆਫ ਗੌਡ’ ਵਜੋਂ ਜਾਣਿਆ ਜਾਂਦਾ ਹੈ। ਇਹ ਗੋਲ ਉਸ ਦੇ ਖੱਬੇ ਹੱਥ ਨਾਲ ਹੋਇਆ ਸੀ, ਪਰ ਰੈਫਰੀਆਂ ਨੂੰ ਦਿਸਿਆ ਨਹੀਂ ਤੇ ਗੋਲ ਬਰਕਰਾਰ ਰੱਖਿਆ ਗਿਆ। ਉਸ ਤੋਂ ਬਾਅਦ ਮਾਰਾਡੋਨਾ ਨੇ ਇੱਕ ਹੋਰ ਗੋਲ ਕੀਤਾ, ਜਿਸ ਨੂੰ ‘ਗੋਲ ਆਫ ਦੀ ਸੈਂਚੁਰੀ’ ਦੱਸਿਆ। ਉਸ ਮੈਚ ਵਿੱਚ ਵੀ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ।
ਮੁਕਾਬਲੇ ਵਿੱਚ 85ਵੇਂ ਮਿੰਟ ਤੱਕ 1-0 ਨਾਲ ਪਛੜ ਰਹੀ ਅਰਜਨਟੀਨਾ ਦੀ ਟੀਮ ਨੇ ਐਨਜ਼ੋ ਫਰਨਾਂਡੇਜ਼ ਅਤੇ ਬਦਲਵੇਂ ਖਿਡਾਰੀ ਲੌਟਾਰੋ ਮਾਰਟੀਨੇਜ਼ ਦੇ ਗੋਲਾਂ ਦੀ ਮਦਦ ਨਾਲ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਮੈਸੀ ਖੁਸ਼ੀ ਵਿੱਚ ਗੋਡਿਆਂ ਭਾਰ ਡਿੱਗ ਪਿਆ ਅਤੇ ਇੰਗਲੈਂਡ ਦੇ ਖਿਡਾਰੀ ਨਿਰਾਸ਼ਾ ਵਿੱਚ ਡੁੱਬ ਗਏ।
ਹੁਣ ਖਿਤਾਬੀ ਮੁਕਾਬਲਾ ਪਿਛਲੀ ਵਾਰ ਦੀ ਚੈਂਪੀਅਨ ਦੱਖਣੀ ਅਮਰੀਕੀ ਟੀਮ ਅਰਜਨਟੀਨਾ ਦਾ ਸਾਹਮਣਾ ਐਤਵਾਰ ਨੂੰ ਈਸਟ ਰਦਰਫੋਰਡ, ਨਿਊ ਜਰਸੀ ਵਿਖੇ ਯੂਰਪੀਅਨ ਚੈਂਪੀਅਨ ਸਪੇਨ ਨਾਲ ਹੋਵੇਗਾ, ਜਿਸ ਨੇ ਸੈਮੀਫਾਈਨਲ ਵਿੱਚ ਫਰਾਂਸ ਨੂੰ ਹਰਾਇਆ ਸੀ। ਅਰਜਨਟੀਨਾ ਚੌਥੇ ਖਿਤਾਬ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਨੇ 1978 ਅਤੇ 1986 ਵਿੱਚ ਵੀ ਕੱਪ ਜਿੱਤਿਆ ਸੀ।
ਇੰਗਲੈਂਡ ਨੇ 55ਵੇਂ ਮਿੰਟ ਵਿੱਚ ਐਂਥਨੀ ਗੋਰਡਨ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ, ਪਰ ਉਹ ਇੱਕ ਵਾਰ ਫਿਰ ਵੱਡੇ ਟੂਰਨਾਮੈਂਟ ਦੇ ਅਹਿਮ ਪੜਾਅ ‘ਤੇ ਆਪਣੀ ਬੜ੍ਹਤ ਨੂੰ ਕਾਇਮ ਰੱਖਣ ਵਿੱਚ ਅਸਫਲ ਰਿਹਾ। 60 ਸਾਲ ਪਹਿਲਾਂ ਵਰਲਡ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੂਜੀ ਵਾਰ ਕੱਪ ਜਿੱਤਣ ਦੇ ਨੇੜੇ ਪੁੱਜਾ ਸੀ। 2018 ਦੇ ਵਿਸ਼ਵ ਕੱਪ ਤੋਂ ਬਾਅਦ ਇਹ ਤੀਜਾ ਮੌਕਾ ਸੀ, ਜਦੋਂ ਇੰਗਲੈਂਡ ਨੇ ਲੀਡ ਲੈਣ ਤੋਂ ਬਾਅਦ ਕਿਸੇ ਵੱਡੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਜਾਂ ਫਾਈਨਲ ਵਿੱਚ ਹਾਰ ਦਾ ਸਾਹਮਣਾ ਕੀਤਾ। ਮੈਸੀ ਟੂਰਨਾਮੈਂਟ ਵਿੱਚ ਅਰਜਨਟੀਨਾ ਦੇ ਚਾਰੋਂ ਨਾਕਆਊਟ ਮੈਚਾਂ ਦੇ ਹਰ ਮਿੰਟ ਵਿੱਚ ਖੇਡਿਆ, ਉਸ ਵਿੱਚ ਮਹੱਤਵਪੂਰਨ ਪਲਾਂ ਲਈ ਆਪਣੀ ਊਰਜਾ ਨੂੰ ਸੁਰੱਖਿਅਤ ਰੱਖਣ ਦੀ ਕਲਾ ਹੈ। ਮੈਸੀ ਨੇ ਖੇਡ ਦੀ ਸ਼ੁਰੂਆਤ ਸ਼ਾਂਤ ਢੰਗ ਨਾਲ ਕੀਤੀ ਅਤੇ ਇੰਗਲੈਂਡ ਦੇ ਖਿਡਾਰੀਆਂ ਨੇ ਉਸ ‘ਤੇ ਖਾਸ ਨਜ਼ਰ ਰੱਖੀ। ਕਈ ਵਾਰ ਉਸ ਨੂੰ ਅੱਗੇ ਵਧਣ ਤੋਂ ਕਰੜਾਈ ਨਾਲ ਰੋਕਿਆ। ਦੂਜੇ ਅੱਧ ਵਿੱਚ, ਜਿਵੇਂ ਹੀ ਇੰਗਲੈਂਡ ਨੇ ਉਸ ਤੋਂ ਧਿਆਨ ਹਟਾਇਆ, ਉਸ ਨੇ ਵਿਰਲਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਬਰਾਬਰੀ ਲਈ ਐਂਜ਼ੋ ਫਰਨਾਂਡੇਜ਼ ਵੱਲ ਗੇਂਦ ਵਧਾਈ ਅਤੇ ਲੌਟਾਰੋ ਮਾਰਟੀਨੇਜ਼ ਨੂੰ ਹੈੱਡ ਕਰਕੇ ਜੇਤੂ ਗੋਲ ਕਰਨ ਵਾਲੀ ਗੇਂਦ ਵੀ ਉਸ ਨੇ ਹੀ ਮੁਹੱਈਆ ਕਰਵਾਈ। 39 ਸਾਲ ਦੀ ਉਮਰ ਵਿੱਚ ਜਦੋਂ ਜ਼ਿਆਦਾਤਰ ਖਿਡਾਰੀ ਸੰਨਿਆਸ ਲੈ ਚੁੱਕੇ ਹਨ, ਮੈਸੀ ਟੀਮ ਦਾ ਧੜਕਦਾ ਦਿਲ ਬਣਿਆ ਹੋਇਆ ਹੈ।



