‘ਕਾਕਰੋਚਾਂ’ ਦੇ 20 ਦੇ ਸੰਸਦ ਮਾਰਚ ਨੂੰ ਭਰਵਾਂ ਹੁੰਗਾਰਾ

0
6

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਨੂੰ ਵੀਰਵਾਰ ਨੂੰ ਵੱਖ-ਵੱਖ ਵਿਰੋਧੀ ਆਗੂਆਂ ਦਾ ਸਮਰਥਨ ਮਿਲਿਆ। ਸੰਸਦ ਮੈਂਬਰ ਡਿੰਪਲ ਯਾਦਵ, ਧਰਮਿੰਦਰ ਯਾਦਵ, ਮੋਹਿਬੁੱਲਾ ਨਦਵੀ ਅਤੇ ਲਕਸ਼ਮੀਕਾਂਤ ਨਿਸ਼ਾਦ ਦੀ ਅਗਵਾਈ ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਵਫ਼ਦ ਨੇ ਸਪਾ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਅਤੇ ਵਿਧਾਇਕ ਡਾ. ਰਾਗਿਨੀ ਸੋਨਕਰ ਦੇ ਨਾਲ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਅੰਦੋਲਨ ਨੂੰ ਸਮਰਥਨ ਦਿੱਤਾ। ਡਿੰਪਲ ਯਾਦਵ ਨੇ ਸੋਨਮ ਵਾਂਗਚੁਕ ਦੇ ਦ੍ਰਿੜ ਇਰਾਦੇ ਅਤੇ ਵਿਦਿਆਰਥੀਆਂ ਵੱਲੋਂ ਆਪਣੀ ਭੁੱਖ ਹੜਤਾਲ ਜਾਰੀ ਰੱਖਣ ਦੀ ਪ੍ਰਸ਼ੰਸਾ ਕਰਦੇ ਹੋਏ 20 ਜੁਲਾਈ ਦੇ ਸੰਸਦ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ, ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਆਪਣਾ ਅੰਦੋਲਨ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵੀ 20 ਜੁਲਾਈ ਦੇ ਸੰਸਦ ਮਾਰਚ ਦਾ ਸਮਰਥਨ ਕੀਤਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਸੰਜੇ ਸਿੰਘ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਸਮੇਤ ਸੀਨੀਅਰ ਆਪ ਆਗੂਆਂ ਨੇ ਜੰਤਰ ਮੰਤਰ ਵਿਖੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਆਪਣੇ ਵੀਡੀਓ ਸੰਦੇਸ਼ ਵਿੱਚ ਸੋਨਮ ਵਾਂਗਚੁਕ ਨੇ ਆਪਣੇ ਸਮਰਥਕਾਂ ਦੀ ਚਿੰਤਾ ਨੂੰ ਦੂਰ ਕਰਦਿਆਂ ਕਿਹਾ ਕਿ ਹੁਣ ਤੱਕ ਦੇ ਮੈਡੀਕਲ ਟੈਸਟਾਂ ਵਿੱਚ ਕੋਈ ਤੁਰੰਤ ਖਤਰਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾ ਕਿਹਾ, ”ਮੇਰੀ ਹਾਲਤ ਅਜਿਹੀ ਨਹੀਂ ਹੈ ਕਿ ਮੈਂ ਦੋ-ਚਾਰ ਦਿਨਾਂ ਵਿੱਚ ਮਰ ਜਾਵਾਂਗਾ। 18 ਦਿਨਾਂ ਦੇ ਵਰਤ ਦੇ ਹਿਸਾਬ ਨਾਲ ਰਿਪੋਰਟਾਂ ਨਾਰਮਲ ਹਨ ਅਤੇ ਈ ਸੀ ਜੀ ਵੀ ਠੀਕ ਹੈ। ਮੇਰੀਆਂ ਮਾਸਪੇਸ਼ੀਆਂ ਜ਼ਰੂਰ ਕਮਜ਼ੋਰ ਹੋ ਰਹੀਆਂ ਹਨ, ਪਰ ਮੇਰਾ ਦਿਲ ਅਤੇ ਹੌਸਲਾ ਬਿਲਕੁਲ ਠੀਕ ਹੈ।” ਉਨ੍ਹਾ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾ ਨੂੰ ਵਰਤ ਤੋੜਨ ਲਈ ਕਹਿਣ ਦੀ ਬਜਾਏ 20 ਜੁਲਾਈ ਦੇ ‘ਚਲੋ ਸੰਸਦ’ ਮਾਰਚ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ। ਵਿਦਿਆਰਥੀਆਂ ਨੂੰ ਇਸ ਅੰਦੋਲਨ ਨੂੰ ਰਾਜਨੀਤੀ ਸ਼ਾਸਤਰ ਅਤੇ ਲੋਕਤੰਤਰ ਦਾ ਇੱਕ ਅਸਲੀ ਸਬਕ ਮੰਨਣਾ ਚਾਹੀਦਾ ਹੈ। ਕਾਕਰੋਚ ਜਨਤਾ ਪਾਰਟੀ ਮੁਤਾਬਕ ਹੁਣ ਤੱਕ ਕਰੀਬ 1.5 ਲੱਖ ਲੋਕਾਂ ਨੇ ਵੈੱਬਸਾਈਟ ਅਤੇ ਮਿਸਡ-ਕਾਲ ਮੁਹਿੰਮ ਰਾਹੀਂ ਸੰਸਦ ਮਾਰਚ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।