ਟਾਂਡਾ ਉੜਮੁੜ (ਮਿਥਲੇਸ਼ ਗਰਗ, ਜਸਵਿੰਦਰ ਸੰਧੂ)
ਜਬਰੀ ਵਸੂਲੀ ਮਾਮਲੇ ਦੇ ਦੋਸ਼ ਵਿੱਚ ਜਲੰਧਰ ਪੁਲਿਸ ਨੇ ਐਸ ਐਚ ਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰਕੇ ਮਿਆਣੀ ਕਤਲ ਕਾਂਡ ਮਾਮਲੇ ‘ਚ ਨਾਮਜ਼ਦ ਕੀਤਾ ਹੈ।ਗ੍ਰਿਫਤਾਰ ਕਰਨ ਤੋਂ ਬਾਅਦ ਜਲੰਧਰ ਪੁਲਿਸ ਨੇ ਨਾਗਰਾ ਨੂੰ ਦਸੂਹਾ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।ਇਸ ਸਬੰਧੀ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਡੀ ਆਈ ਜੀ ਜਲੰਧਰ ਨਵੀਨ ਸਿੰਗਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਐਸ ਐਚ ਓ ਟਾਂਡਾ ਰਹੇ ਗੁਰਿੰਦਰਜੀਤ ਸਿੰਘ ਨਾਗਰਾ ‘ਤੇ ਟਾਂਡਾ ਦੇ ਮਿਆਣੀ ਵਿਖੇ ਹੋਏ ਇੱਕ ਕਤਲ ਕੇਸ ਨਾਲ ਸਬੰਧਤ ਜਬਰੀ ਵਸੂਲੀ ਦੇ ਦੋਸ਼ਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਤੁਰੰਤ ਐਸ ਐਚ ਓ ਟਾਂਡਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਕੇਸ ਦੀ ਜਾਂਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਬਾਹਰ ਤਾਇਨਾਤ ਇੱਕ ਆਈ ਪੀ ਐਸ ਅਧਿਕਾਰੀ ਨੂੰ ਸੌਂਪੀ ਗਈ।ਜਾਂਚ ਦੌਰਾਨ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਨੂੰ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਜਬਰੀ ਵਸੂਲੀ ਅਤੇ ਗੈਰ-ਕਾਨੂੰਨੀ ਰਿਸ਼ਵਤ ਲੈਣ ਦੇ ਕਾਫ਼ੀ ਸਬੂਤ ਰਿਕਾਰਡ ‘ਤੇ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਇੰਸਪੈਕਟਰ ਨਾਗਰਾ ਅਮਰੀਕਾ ਸਥਿਤ ਪਰਿਵਾਰ ਤੋਂ 16 ਲੱਖ ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਲੈਣ ਵਿੱਚ ਸ਼ਾਮਲ ਪਾਇਆ ਗਿਆ ਹੈ ਜਿਸ ਤੋਂ ਬਾਅਦ ਉਸ ਨੂੰ ਥਾਣਾ ਟਾਂਡਾ ਵਿਖੇ ਦਰਜ ਮਿਆਣੀ ਕਤਲ ਕਾਂਡ ਵਿਚ ਭ੍ਰਿਸ਼ਟਾਚਾਰ ਐਕਟ ਤਹਿਤ ਨਾਮਜ਼ਦ ਕਰਨ ਤੋਂ ਬਾਅਦ ਗ੍ਰਿਫਤਾਰ ਕਰਕੇ ਮੁਅੱਤਲ ਕਰ ਦਿੱਤਾ ਗਿਆ।




