ਕੈਨੇਡਾ ‘ਚ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

0
3

ਬਰੈਂਪਟਨ : ਕੈਨੇਡਾ ਦੀ ਜਗਤ ਪੰਜਾਬੀ ਸਭਾ ਓਂਨਟਾਰੀਓ ਫਰੈਂਡਜ ਕਲੱਬ ਅਤੇ ਪਬਪਾ ਸੰਸਥਾਵਾਂ ਵੱਲੋਂ ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ਨੀਵਾਰ ਇੱਥੇ ਭਾਸ਼ਾਈ-ਸਮੂਹ ਸ਼ਾਨੋ-ਸ਼ੌਕਤ ਅਤੇ ਫੈਡਰਲ ਸਰਕਾਰ ਕੈਨੇਡਾ ਦੇ ਸਹਿਯੋਗ ਨਾਲ ਅਰੰਭ ਹੋ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਕਰਾਇਮ ਸੈਕਟਰੀ ਰੂਬੀ ਸਹੋਤਾ, ਐੱਮ ਪੀ ਸੋਨੀਆ ਸਿੱਧੂ, ਐੱਮ ਪੀ ਅਮਨਦੀਪ ਕੌਰ ਸਿੱਧੂ, ਸਿਟੀ ਮੇਅਰ ਪੈਟਰਿਕ ਬਰਾਉਨ, ਡਿਪਟੀ ਮੇਅਰ ਮਾਇਕ ਮਹੋਨੀ, ਪੰਜਾਬ ਆਰਟ ਕੌਂਸਲ ਦੀ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਬੀਬੀ ਹਰਜਿੰਦਰ ਕੌਰ, ਐੱਮ ਪੀ ਅਮਰਜੋਤ ਸਿੰਘ ਸੰਧੂ, ਵਿਧਾਇਕ ਹਰਦੀਪ ਸਿੰਘ ਗਰੇਵਾਲ, ਅਜਾਇਬ ਸਿੰਘ ਚੱਠਾ, ਸੰਤੋਖ ਸਿੰਘ ਸੰਧੂ, ਮਿਸਟਰ ਥਿਆੜਾ ਆਦਿ ਸੰਘੀ ਸਰਕਾਰ ਦੇ ਪਤਵੰਤੇ ਮੌਜੂਦ ਸਨ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਾਨਫਰੰਸ ਲਈ ਸ਼ੁਭਕਾਮਨਾਵਾਂ ਵਾਲਾ ਲਿਖਤੀ ਸੰਦੇਸ਼ ਮੰਚ ਤੋਂ ਪੜ੍ਹ ਕੇ ਸੁਣਾਇਆ ਗਿਆ। ਸਰਕਾਰੀ ਬੁਲਾਰਿਆਂ ਨੇ ਦੇਸ਼ ਦੀ ਤਰੱਕੀ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਦੇਸ਼ ਵਿੱਚ ਪੰਜਾਬੀ ਭਾਸ਼ਾ ਨੂੰ ਚੌਥੀ ਭਾਸ਼ਾ ਵਜੋਂ ਲਾਗੂ ਕਰਵਾਉਣ ਲਈ ਸਰਕਾਰ ਨਾਲ ਗੱਲਬਾਤ ਆਰੰਭ ਕਰਨਗੇ। ਉਨ੍ਹਾ ਇਹ ਵੀ ਕਿਹਾ ਸਕੂਲ ਬੋਰਡਾਂ ਵਿੱਚ ਪੰਜਾਬੀ ਵਰਤਮਾਨ ਵਿੱਚ ਵੀ ਪੜ੍ਹਾਈ ਜਾ ਰਹੀ ਹੈ। ਪੰਜਾਬੀ ਦੇ ਭਵਿੱਖ ਬਾਰੇ ਇਸ ਮੌਕੇ ਹੋਏ ਸੈਮੀਨਾਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਦਵਿੰਦਰ ਸਿੰਘ ਨੇ ਕਿਹਾ ਜ਼ਮਾਨੇ ਦੀ ਰਫ਼ਤਾਰ ਡਿਜੀਟਲ ਯੁੱਗ ਵਿੱਚ ਸ਼ਾਮਲ ਹੋ ਗਈ ਹੈ, ਜਿਸ ਕਰਕੇ ਪੰਜਾਬੀਆਂ ਵਿੱਚ ਭਾਸ਼ਾ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਜਾਗਰੂਕਤਾ ਹੋਣੀ ਚਾਹੀਦੀ ਹੈ, ਖਾਸ ਕਰਕੇ ਪੰਜਾਬੀ ਸਕਾਲਰਾਂ ਨੂੰ ਇਸ ਸੰਕਟ ਨੂੰ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ।
ਆਰਟ ਕੌਂਸਲ ਦੀ ਸਾਬਕਾ ਚੇਅਰਮੈਨ ਹਰਜਿੰਦਰ ਕੌਰ ਨੇ ਕਿਹਾ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹਨ, ਉਹ ਆਪਣਾ ਫਰਜ਼ ਸਮਝ ਕੇ ਵਿਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਤੇ ਪੜ੍ਹਾਉਣ ਦੇ ਉਪਰਾਲੇ ਕਰਨ। ਥਾਂ-ਥਾਂ ‘ਤੇ ਮਤੇ ਪਾ ਕੇ ਸਰਕਾਰਾਂ ਨੂੰ ਭੇਜੇ ਜਾਣ, ਤਾਂ ਜੋ ਵੱਖ-ਵੱਖ ਮੁਲਕਾਂ ਵਿੱਚ ਸਰਕਾਰਾਂ ਨਾਲ ਪੰਜਾਬੀਆਂ ਦੇ ਗੱਲਬਾਤ ਦੇ ਰਸਤੇ ਖੁੱਲ੍ਹ ਸਕਣ। ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਫੌਂਟ ਵਿਕਸਤ ਕੀਤੇ ਹਨ। ਇਸ ਮੌਕੇ ਸਹਿਜ ਕੌਰ ਮਾਂਗਟ, ਸੁਖਮਿੰਦਰ ਸਿੰਘ ਸੰਧੂ, ਅਵਤਾਰ ਸਿੰਘ ਮਿਨਹਾਸ, ਨਾਹਰ ਸਿੰਘ ਔਜਲਾ, ਨਾਟਕਕਾਰ ਡਾ. ਆਰ ਐੱਸ ਝਾਂਜੀ ਖੰਨਾ, ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਹਰਦੇਵ ਚੌਹਾਨ, ਸਤਨਾਮ ਕੌਰ, ਟੀ ਵੀ ਹੋਸਟ ਹਰਜੀਤ ਸਿੰਘ ਗਿੱਲ, ਡਾ. ਹਰਵਿੰਦਰ ਸਿੰਘ ਦਿੱਲੀ, ਡਾ. ਸੁਖਦੇਵ ਸਿੰਘ ਰੰਧਾਵਾ, ਕਵਿੱਤਰੀ ਰਮਿੰਦਰ ਵਾਲੀਆ ਆਦਿ ਨੇ ਭਾਸ਼ਾ ਬਾਰੇ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰਮਨੀ ਬੱਤਰਾ ਨੇ ਬਾਖੂਬੀ ਨਿਭਾਈ।