ਸਿੱਖਿਆ ਸੁਧਾਰ ਦੀ ਬਜਾਏ ਕੇਂਦਰ ਅੰਦੋਲਨ ਕੁਚਲਣ ‘ਤੇ ਲੱਗਾ : ਕੇਜਰੀਵਾਲ

0
2

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ਤੋਂ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਚੁੱਕਣ ਦੇ ਮਾਮਲੇ ‘ਤੇ ਕਿਹਾ ਕਿ ਮੋਦੀ ਜੀ ਨੇ ਹੰਕਾਰ ਦੇ ਚਲਦਿਆਂ ਸੋਨਮ ਵਾਂਗਚੁਕ ਦਾ ਅਪਮਾਨ ਕੀਤਾ ਹੈ।ਮੋਦੀ ਜੀ ਨੂੰ ਸੋਨਮ ਵਾਂਗਚੁਕ ਨਾਲ ਗੱਲ ਕਰਨੀ ਚਾਹੀਦੀ ਸੀ।ਦੇਸ਼ਵਾਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਇਸੇ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਸਾਡੀ ਆਪਣੀ ਹੀ ਸਰਕਾਰ ਸਾਡੇ ਨਾਲ ਬਦਸਲੂਕੀ ਕਰੇਗੀ? ਸਰਕਾਰ ਪੇਪਰ ਲੀਕ ਰੋਕਣ, ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਬਜਾਏ ਨੌਜਵਾਨਾਂ ਦੇ ਅੰਦੋਲਨ ਨੂੰ ਬੜੀ ਬੇਰਹਿਮੀ ਨਾਲ ਕੁਚਲਣ ਵਿੱਚ ਲੱਗੀ ਹੋਈ ਹੈ।ਉਨ੍ਹਾਂ ਨੇ ਸੋਨਮ ਵਾਂਗਚੁਕ ਨੂੰ ਕਿਹਾ ਕਿ ਮਜ਼ਬੂਤ ਬਣੇ ਰਹੋ ਸੋਨਮ ਜੀ, ਇਹ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਕਿਹਾ ਕਿ ਅੱਜ ਸੋਨਮ ਵਾਂਗਚੁਕ, ਅਭਿਜੀਤ ਦੀਪਕੇ ਅਤੇ ਇਹ ਸਾਰੇ ਨੌਜਵਾਨ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜ ਰਹੇ ਹਨ। ਹੁਣ ਘਰ ਬੈਠਣ ਨਾਲ ਕੰਮ ਨਹੀਂ ਚੱਲੇਗਾ।ਹੁਣ ਸਾਰਿਆਂ ਨੂੰ ਇੱਕ ਹੋ ਕੇ ਸੜਕਾਂ ‘ਤੇ ਉਤਰਨਾ ਪਵੇਗਾ, ਤਾਂ ਹੀ ਇਸ ਦੇਸ਼ ਵਿੱਚ ਕੁਝ ਬਦਲੇਗਾ।ਉੱਠੋ ਅਤੇ ਜੰਤਰ-ਮੰਤਰ ਚੱਲੋ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਉੱਠਦਿਆਂ ਹੀ ਇਹ ਖ਼ਬਰ ਮਿਲੀ ਕਿ ਸੋਨਮ ਵਾਂਗਚੁਕ ਜੀ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਉਨ੍ਹਾਂ ਦੇ ਧਰਨਾ ਸਥਾਨ ਤੋਂ ਚੁੱਕ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਦੇ ਕੱਪੜਿਆਂ ਵਿੱਚ ਪੁਲਿਸ ਭੇਜ ਕੇ, ਚਾਰੋਂ ਪਾਸਿਓਂ ਚਾਦਰ ਨਾਲ ਢਕ ਕੇ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਬਦਸਲੂਕੀ ਤੇ ਧੱਕਾ-ਮੁੱਕੀ ਕਰਕੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਯਾਦ ਦਿਵਾਇਆ ਕਿ ਮਹਾਤਮਾ ਗਾਂਧੀ ਨੇ ਵੀ ਕਿੰਨੇ ਲੰਬੇ-ਲੰਬੇ ਉਪਵਾਸ ਕੀਤੇ ਸਨ, ਪਰ ਉਨ੍ਹਾਂ ਨਾਲ ਅਜਿਹਾ ਵਿਵਹਾਰ ਤਾਂ ਅੰਗਰੇਜ਼ ਵੀ ਨਹੀਂ ਕਰਦੇ ਸਨ।ਕੇਜਰੀਵਾਲ ਨੇ ਕਿਹਾ ਕਿ ਨੀਟ ਦਾ ਪੇਪਰ ਲੀਕ ਹੋ ਗਿਆ।ਸੀ ਬੀ ਐੱਸ ਈ ਦੇ ਮੁਲਾਂਕਣ ਪ੍ਰਣਾਲੀ ਵਿੱਚ ਬਹੁਤ ਵੱਡਾ ਘੁਟਾਲਾ ਹੋ ਗਿਆ।ਲੱਖਾਂ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ।ਸਿਸਟਮ ਨੂੰ ਠੀਕ ਕਰਵਾਉਣ ਲਈ ਸੋਨਮ ਵਾਂਗਚੁਕ ਭੁੱਖ ਹੜਤਾਲ ‘ਤੇ ਬੈਠ ਗਏ। ਸੋਨਮ ਵਾਂਗਚੁਕ ਦੇ ਘਰ ਦਾ ਕੋਈ ਬੱਚਾ ਪ੍ਰਭਾਵਿਤ ਨਹੀਂ ਹੈ।ਉਹ ਆਪਣੇ ਲਈ ਭੁੱਖ ਹੜਤਾਲ ‘ਤੇ ਨਹੀਂ ਬੈਠੇ, ਉਹ ਤੁਹਾਡੇ ਬੱਚਿਆਂ ਲਈ ਬੈਠੇ ਹਨ।ਮੈਂ ਸੁਣਿਆ ਹੈ ਕਿ ਉਨ੍ਹਾਂ ਤੋਂ ਬਾਅਦ ਹੁਣ ਅਭਿਜੀਤ ਦੀਪਕੇ ਵੀ ਭੁੱਖ ਹੜਤਾਲ ‘ਤੇ ਬੈਠ ਗਏ ਹਨ।ਅਭਿਜੀਤ ਦੀਪਕੇ ਦੇ ਘਰ ਵਿੱਚ ਵੀ ਕੋਈ ਬੱਚਾ ਪ੍ਰਭਾਵਿਤ ਨਹੀਂ ਹੈ।ਉਹ ਵੀ ਤੁਹਾਡੇ ਬੱਚਿਆਂ ਲਈ ਬੈਠੇ ਹਨ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੁਹਾਡੇ ਘਰ ਦਾ ਕੋਈ ਬੱਚਾ ਇਸ ਸੜੇ-ਗਲੇ ਪ੍ਰੀਖਿਆ ਸਿਸਟਮ ਤੋਂ ਪ੍ਰਭਾਵਿਤ ਹੁੰਦਾ ਹੈ, ਤਾਂ ਤੁਸੀਂ ਬਹੁਤ ਸ਼ਿਕਾਇਤਾਂ ਕਰਦੇ ਹੋ, ਸਰਕਾਰ ਨੂੰ ਗਾਲ੍ਹਾਂ ਕੱਢਦੇ ਹੋ, ਸਿਸਟਮ ਨੂੰ ਕੋਸਦੇ ਹੋ।ਅੱਜ ਜਦੋਂ ਉਹ ਲੋਕ ਜੰਤਰ-ਮੰਤਰ ‘ਤੇ ਤੁਹਾਡੇ ਬੱਚਿਆਂ ਲਈ ਬੈਠੇ ਹਨ, ਤਾਂ ਤੁਸੀਂ ਘਰ ਕਿਉਂ ਬੈਠੇ ਹੋ? ਤੁਸੀਂ ਉਨ੍ਹਾਂ ਦੇ ਨਾਲ ਜੰਤਰ-ਮੰਤਰ ‘ਤੇ ਕਿਉਂ ਨਹੀਂ ਹੋ? ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਸੁਣਿਆ ਸੀ ਕਿ ਮੁਗਲ ਤਾਨਾਸ਼ਾਹ ਸੱਤਾ ਤੋਂ ਸਵਾਲ ਪੁੱਛਣ ਵਾਲਿਆਂ ‘ਤੇ ਕੋਰੜੇ ਵਰ੍ਹਾਉਂਦੇ ਸਨ।ਅਸੀਂ ਸੁਣਿਆ ਸੀ ਕਿ ਅੰਗਰੇਜ਼ਾਂ ਦੀ ਪੁਲਿਸ ਦੇਸ਼ ਦੀ ਆਵਾਜ਼ ਦਬਾਉਣ ਲਈ ਆਪਣਾ ਵਿਰੋਧ ਦਰਜ ਕਰਵਾ ਰਹੇ ਆਮ ਲੋਕਾਂ ‘ਤੇ ਲਾਠੀਆਂ ਵਰ੍ਹਾਉਂਦੀ ਸੀ।ਪਰ ਨਰਿੰਦਰ ਮੋਦੀ ਦੀ ਪੁਲਿਸ ਤਾਂ ਆਜ਼ਾਦ ਭਾਰਤ ਦੀ ਪੁਲਿਸ ਹੈ।ਫਿਰ ਉਹ ਨੌਜਵਾਨਾਂ ਦੀ ਆਵਾਜ਼ ਨੂੰ ਇੰਨੀ ਬੇਰਹਿਮੀ ਨਾਲ ਕਿਉਂ ਦਬਾ ਰਹੀ ਹੈ?