ਸੁਨਾਮ ਊਧਮ ਸਿੰਘ ਵਾਲਾ : ਨੇੜਲੇ ਪਿੰਡ ਖਡਿਆਲ ਦੇ ਕਿਸਾਨ ਦਰਸ਼ਨ ਸਿੰਘ (45) ਪੁੱਤਰ ਦਲੀਪ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਕੋਲ ਕੇਵਲ ਤਿੰਨ ਏਕੜ ਜ਼ਮੀਨ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਕਬੀਲਦਾਰੀਆਂ ਪੂਰੀਆਂ ਕਰਨ ਤੇ ਖੇਤੀ ‘ਚ ਲਗਾਤਾਰ ਪਏ ਘਾਟੇ ਕਾਰਨ ਦਰਸ਼ਨ ਸਿੰਘ ਸਿਰ ਕਰੀਬ 20 ਲੱਖ ਰੁਪਏ ਦਾ ਸਰਕਾਰੀ ਅਤੇ ਨਿੱਜੀ ਕਰਜ਼ਾ ਚੜ੍ਹ ਗਿਆ ਸੀ। ਉਹ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਖੇਤ ‘ਚ ਜਾ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਪਤਾ ਲੱਗਣ ‘ਤੇ ਪਰਵਾਰ ਵੱਲੋਂ ਇਲਾਜ ਲਈ ਉਨ੍ਹਾਂ ਨੂੰ ਤੁਰੰਤ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਰਾਮ ਸਰਨ ਸਿੰਘ ਉਗਰਾਹਾਂ ਅਤੇ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਸਿਰ ਚੜ੍ਹਿਆ ਸਾਰਾ ਕਰਜ਼ਾ ਉਤਾਰਨ ਦੀ ਜ਼ਿੰਮੇਵਾਰੀ ਸਰਕਾਰ ਖ਼ੁਦ ਚੁੱਕੇ ਅਤੇ ਪੀੜਤ ਪਰਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।




