ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)-ਦਰਿਆ ਬਿਆਸ ਦੇ ਪਾਣੀ ਦਾ ਪੱਧਰ ਸਨਿੱਚਰਵਾਰ ਰਾਤ ਅਚਾਨਕ ਵਧਣ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਗਈਆਂ ਹਨ। ਬਾਊਪੁਰ ਇਲਾਕੇ ਦੇ ਨੀਵੇਂ ਖੇਤਰਾਂ ਵਿੱਚ ਕਈ ਏਕੜ ਝੋਨੇ ਦੀ ਫਸਲ ਪਾਣੀ ਹੇਠ ਆ ਗਈ ਹੈ, ਜਦਕਿ ਆਹਲੀ ਖੇਤਰ ਵਿੱਚ ਵੀ ਪਾਣੀ ਬੰਨ੍ਹ ਦੇ ਕਿਨਾਰਿਆਂ ‘ਤੇ ਲਗਾਈਆਂ ਨੋਚਾਂ ਤੋਂ ਉੱਪਰ ਵਹਿਣ ਲੱਗਾ ਹੈ। ਸਾਲ 2023 ਅਤੇ 2025 ਦੌਰਾਨ ਆਏ ਹੜ੍ਹਾਂ ਦੀ ਤਬਾਹੀ ਹਾਲੇ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੈ, ਜਦੋਂ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਸੀ ਅਤੇ ਕਈ ਥਾਵਾਂ ‘ਤੇ ਬੰਨ੍ਹ ਟੁੱਟਣ ਨਾਲ ਭਾਰੀ ਨੁਕਸਾਨ ਹੋਇਆ ਸੀ। ਜੇ ਪਹਾੜੀ ਇਲਾਕਿਆਂ ਵਿੱਚ ਮੀਂਹ ਜਾਰੀ ਰਿਹਾ ਅਤੇ ਡੈਮਾਂ ਤੋਂ ਹੋਰ ਪਾਣੀ ਛੱਡਿਆ ਗਿਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।




