ਸਾਥੀ ਅਜਾਇਬ ਦੀ ਯਾਦ ‘ਚ ਸੂਹੀ ਸਲਾਮ ਇਕੱਤਰਤਾ

0
11

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਜੂਨ ਮਹੀਨੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਫਲੇ ‘ਚੋਂ ਵਿਛੜ ਗਏ ਸੀ ਪੀ ਆਰ ਸੀ ਆਈ (ਐੱਮ ਐੱਲ) ਦੀ ਪੰਜਾਬ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਅਜਾਇਬ ਦੀ ਸ਼ਾਨਾਮੱਤੀ ਜੀਵਨ ਘਾਲਣਾ ਨੂੰ ਸੂਹੀ ਸਲਾਮ ਕਰਦੀ ਇਕੱਤਰਤਾ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਹੋਈ। ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਇਨਕਲਾਬੀ ਲਹਿਰ ਦੇ ਸਰਗਰਮ ਤੇ ਹਮਾਇਤੀ ਘੇਰੇ ਨੇ ਕਾਮਰੇਡ ਅਜਾਇਬ ਦੀ ਫਖ਼ਰਯੋਗ ਇਨਕਲਾਬੀ ਕਰਨੀ ਨੂੰ ਸਿਜਦਾ ਕੀਤਾ ਤੇ ਉਸ ਦੇ ਲੋਕ ਇਨਕਲਾਬ ਦੇ ਅਕੀਦੇ ਨੂੰ ਹੋਰ ਸੰਗਰਾਮੀ ਭਾਵਨਾ ਨਾਲ ਬੁਲੰਦ ਕਰਨ ਦਾ ਅਹਿਦ ਕੀਤਾ।
ਇਕੱਤਰਤਾ ਦੀ ਸ਼ੁਰੂਆਤ ਸਾਥੀ ਅਜਾਇਬ ਦੀ ਯਾਦ ਨੂੰ ਸਿਜਦਾ ਕਰਨ ਲਈ ਮਕਬੂਲ ਇਨਕਲਾਬੀ ਗੀਤ ‘ਹਮ ਜੰਗ-ਏ-ਅਵਾਮੀ ਸੇ ਕੋਹਰਾਮ ਮਚਾ ਦੇਗੇਂ’ ਦੀ ਧੁਨ ‘ਤੇ ਸਮੁੱਚੇ ਇਕੱਠ ਵੱਲੋਂ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਈ। ਇਕੱਠ ਦੀ ਤਰਫੋਂ ਕਮੇਟੀ ਮੈਂਬਰਾਂ ਤੇ ਪਰਵਾਰਕ ਮੈਂਬਰਾਂ ਵੱਲੋਂ ਸਾਥੀ ਅਜਾਇਬ ਦੀ ਤਸਵੀਰ ਨੂੰ ਫੁੱਲ ਭੇਟ ਕਰਕੇ ਸਿਜਦਾ ਕੀਤਾ ਗਿਆ। ਸੰਬੋਧਨ ਕਰਨ ਵਾਲੇ ਬੁਲਾਰਿਆਂ ‘ਚ ਜਸਪਾਲ ਜੱਸੀ, ਮੁਖਤਿਆਰ ਪੂਹਲਾ ਤੇ ਬੂਟਾ ਸਿੰਘ ਮਹਿਮੂਦਪੁਰ ਨੇ ਕਾਮਰੇਡ ਅਜਾਇਬ ਵੱਲੋਂ ਲੋਕ ਇਨਕਲਾਬ ਦੇ ਮਹਾਨ ਮਿਸ਼ਨ ਨੂੰ ਸਮਰਪਿਤ ਹੋ ਕੇ ਨਿਭਾਏ ਯੋਗਦਾਨ ਨੂੰ ਮਿਸਾਲੀ ਕਰਾਰ ਦਿੱਤਾ। ਉਨ੍ਹਾ ਇੱਕ ਪੇਸ਼ਾਵਰ ਇਨਕਲਾਬੀ ਵਜੋਂ ਉਨ੍ਹਾਂ ਦੇ 56-57 ਵਰ੍ਹੇ ਦੇ ਲੰਮੇ ਸਿਆਸੀ ਸਫਰ ਨੂੰ ਸਲਾਮ ਕਹੀ ਤੇ ਇਸ ਨੇਹਚਾਵਾਨ ਸਫ਼ਰ ਲਈ ਕਮਿਊਨਿਸਟ ਵਿਚਾਰਧਾਰਾ ‘ਚ ਉਨ੍ਹਾ ਦੇ ਅਡੋਲ ਭਰੋਸੇ ਤੇ ਇਸ ਤੋਂ ਰੌਸ਼ਨੀ ਲੈ ਕੇ ਭਾਰਤ ਦੇ ਨਵ-ਜਮਹੂਰੀ ਇਨਕਲਾਬ ਦੇ ਟੀਚੇ ਦੀ ਸਪੱਸ਼ਟਤਾ ਬਾਰੇ ਚਰਚਾ ਕੀਤੀ। ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਸਫਲ ਨਿਭਾਅ ਲਈ ਸਾਥੀ ਅਜਾਇਬ ਦੇ ਮਿਸਾਲੀ ਰੋਲ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਉੱਘੇ ਨਾਟਕਕਾਰ ਡਾਕਟਰ ਸਾਹਿਬ ਸਿੰਘ ਨੇ ਕਾਮਰੇਡ ਅਜਾਇਬ ਦੇ ਗਰਾਈਂ ਹੋਣ ਵਜੋਂ ਤੇ ਉਸ ਦੇ ਵਿਚਾਰਾਂ ਦੇ ਸਾਥੀ ਵਜੋਂ ਮਾਣ ਮਹਿਸੂਸ ਕਰਦਿਆਂ ਉਨ੍ਹਾ ਦੇ ਸ਼ਾਨਾਮੱਤੇ ਸਫ਼ਰ ਬਾਰੇ ਆਪਣੇ ਜਜ਼ਬੇ ਲੋਕਾਂ ਨਾਲ ਸਾਂਝੇ ਕੀਤੇ। ਸਾਥੀ ਅਜਾਇਬ ਦੇ ਬਚਪਨ ਦੇ ਸਾਥੀ ਰਹੇ ਜਰਨੈਲ ਸਿੰਘ ਨੇ ਵੀ ਉਸ ਨਾਲ ਆਪਣੀ ਨਿੱਜੀ ਦੋਸਤੀ ਦੇ ਅਹਿਸਾਸ ਸਾਂਝੇ ਕਰਦਿਆਂ ਉਸ ਨੂੰ ਦਿੱਤੀ ਜਾ ਰਹੀ ਅਜਿਹੀ ਜਨਤਕ ਸ਼ਰਧਾਂਜਲੀ ‘ਤੇ ਮਾਣ ਪ੍ਰਗਟ ਕੀਤਾ। ਲੋਕ ਸੰਗਰਾਮ ਮੋਰਚਾ ਦੇ ਆਗੂ ਸੁਖਮੰਦਰ ਸਿੰਘ ਨੇ ਆਪਣੇ ਇਨਕਲਾਬੀ ਸਫ਼ਰ ਲਈ ਤਿਆਰੀ ਦਾ ਸਿਹਰਾ ਸਾਥੀ ਅਜਾਇਬ ਨੂੰ ਦਿੰਦਿਆਂ ਉਸ ਦੇ ਵਿਛੋੜੇ ਨੂੰ ਆਪਣੇ ਲਈ ਤੇ ਆਪਣੇ ਵਰਗੇ ਹੋਰਨਾਂ ਲਈ ਵੱਡਾ ਘਾਟਾ ਕਰਾਰ ਦਿੱਤਾ ਤੇ ਉਸ ਦੀ ਯਾਦ ਦੇ ਹਵਾਲੇ ਨਾਲ ਇਸੇ ਰਾਹ ‘ਤੇ ਡਟੇ ਰਹਿਣ ਦਾ ਅਹਿਦ ਪ੍ਰਗਟ ਕੀਤਾ। ਰਸੂਲਪੁਰ ਕਵੀਸ਼ਰੀ ਜਥੇ ਵੱਲੋਂ ਸੁਣਾਈਆਂ ਕਵੀਸ਼ਰੀਆਂ ਅਤੇ ਧਰਮਿੰਦਰ ਮਸਾਣੀ, ਦਿਸ਼ਾ ਤੇ ਖੁਸ਼ਬੂ ਦੇ ਗੀਤਾਂ ਨੇ ਸਾਥੀ ਅਜਾਇਬ ਦੇ ਵਿਛੋੜੇ ਦਾ ਦਰਦ ਵੀ ਵੰਡਾਇਆ ਤੇ ਪ੍ਰੇਰਨਾ ਦੀਆਂ ਛੱਲਾਂ ਦਾ ਸੰਚਾਰ ਵੀ ਕੀਤਾ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ‘ਚ ਹੋਏ ਇਸ ਸਮਾਗਮ ਦੇ ਅਖੀਰ ‘ਤੇ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਅਜਾਇਬ ਸਿੰਘ ਦੇ ਰਾਹਾਂ ‘ਤੇ ਤੁਰਨ ਨੂੰ ਸਮੇਂ ਦੀ ਅਣਸਰਦੀ ਲੋੜ ਕਰਾਰ ਦਿੱਤਾ ਤੇ ਅਜਿਹੇ ਸਫ਼ਰ ਲਈ ਤਿਆਰ ਹੋਣ ਦੀ ਅਪੀਲ ਕੀਤੀ।