ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਦਸੰਬਰ ਮਹੀਨੇ ਜਲੰਧਰ ਦੇ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਹੋਣ ਵਾਲੀ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮਾਨ ਨੇ ਕਿਹਾ ਕਿ ਕਰੀਬ 44 ਸਾਲਾਂ ਬਾਅਦ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਵਾਪਸ ਆ ਰਹੀ ਹੈ। ਉਨ੍ਹਾ ਕਿਹਾ, ‘ਅੰਡਰ-13 ਕੈਟਾਗਰੀ ਦੀ ਇਹ ਚੈਂਪੀਅਨਸ਼ਿਪ ਪੰਜਾਬ ਵਿੱਚ ਬੈਡਮਿੰਟਨ ਨੂੰ ਵੱਡਾ ਹੁਲਾਰਾ ਦੇਵੇਗੀ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰੇਗੀ। ਪੰਜਾਬ ਸਰਕਾਰ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।’
ਮੁੱਖ ਮੰਤਰੀ ਨੇ ਨਵੇਂ ਇਨਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਸਿੰਘ ਵਾਲੀਆ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੂੰ 2.14 ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਹਨਾ ਕਿਹਾ ਕਿ ਮੁਕੰਮਲ ਹੋਣ ਤੋਂ ਬਾਅਦ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਕੁੱਲ 10 ਇਨਡੋਰ ਬੈਡਮਿੰਟਨ ਕੋਰਟ ਹੋਣਗੇ, ਜਿਸ ਨਾਲ ਇਹ ਪੰਜਾਬ ਦਾ ਇੱਕੋ-ਇੱਕ ਅਜਿਹਾ ਖੇਡ ਮੈਦਾਨ ਬਣ ਜਾਵੇਗਾ, ਜਿੱਥੇ ਏਨਾ ਵੱਡਾ ਇਨਡੋਰ ਬੈਡਮਿੰਟਨ ਕੰਪਲੈਕਸ ਹੋਵੇਗਾ ਅਤੇ ਇਹ ਉਤਰ ਭਾਰਤ ਦੇ ਪ੍ਰਮੁੱਖ ਬੈਡਮਿੰਟਨ ਕੇਂਦਰਾਂ ਵਿੱਚੋਂ ਇੱਕ ਬਣ ਜਾਵੇਗਾ।




