ਮੈਸੀ ਨੂੰ ਚੱਲਣ ਨਹੀਂ ਦਿੱਤਾ

0
9

ਨਿਊਯਾਰਕ (ਨ ਜ਼ ਸ)
ਨਿਊ ਜਰਸੀ ਸਟੇਡੀਅਮ ‘ਚ ਸਪੇਨ ਨੇ ਪਿਛਲੇ ਚੈਂਪੀਅਨ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ। ਸਪੇਨ ਨੇ ਇਸ ਤੋਂ ਪਹਿਲਾਂ 2010 ਵਿਚ ਵਿਸ਼ਵ ਕੱਪ ਜਿੱਤਿਆ ਸੀ।
ਦੋਵੇਂ ਟੀਮਾਂ ਦਰਮਿਆਨ ਸ਼ੁਰੂਆਤੀ 90 ਮਿੰਟ ਤੱਕ ਮੁਕਾਬਲਾ 0-0 ਨਾਲ ਬਰਾਬਰੀ ‘ਤੇ ਰਿਹਾ। ਇਸ ਤੋਂ ਬਾਅਦ ਸਪੇਨ ਦੇ ਫੇਰਨ ਟੋਰੇਸ ਨੇ ਵਾਧੂ ਸਮੇਂ ਦੇ ਦੂਜੇ ਹਾਫ ਵਿਚ ਸ਼ਾਨਦਾਰ ਗੋਲ ਦਾਗ ਕੇ ਸਪੇਨ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਪਹਿਲਾਂ ਸਪੇਨ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ, ਪਰ ਸਪੇਨ ਦੀ ਟੀਮ ਗੋਲ ਨਾ ਕਰ ਸਕੀ। ਦੂਜੇ ਪਾਸੇ ਅਰਜਨਟੀਨਾ ਨੂੰ ਇਸ ਮੈਚ ਵਿਚ ਗੋਲ ਕਰਨ ਦੇ ਬਹੁਤ ਘੱਟ ਮੌਕੇ ਮਿਲੇ। ਅਰਜਨਟੀਨਾ ਦੇ ਖਿਡਾਰੀ ਏਂਜੋ ਫਰਨਾਡੇਜ਼ ਨੂੰ ਰੈਫਰੀ ਨੇ ਰੈਡ ਕਾਰਡ ਦਿਖਾਇਆ, ਜਿਸ ਕਾਰਨ ਅਰਜਨਟੀਨਾ ਨੂੰ ਵਾਧੂ ਸਮੇਂ ਵਿੱਚ ਗਿਆਰਾਂ ਦੀ ਥਾਂ ਦਸ ਖਿਡਾਰੀਆਂ ਨਾਲ ਖੇਡਣਾ ਪਿਆ। ਇਸ ਮੈਚ ਵਿੱਚ ਪੂਰਾ ਸਮਾਂ ਸਪੇਨ ਦੀ ਟੀਮ ਅਰਜਨਟੀਨਾ ‘ਤੇ ਭਾਰੂ ਰਹੀ ਤੇ ਅਰਜਨਟੀਨਾ ਦੇ ਸਟਾਰ ਖਿਡਾਰੀ ਮੈਸੀ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਸਪੇਨ ਨੇ ਨਿਰਧਾਰਤ ਸਮੇਂ ਵਿੱਚ 15 ਸ਼ਾਟ ਲਗਾਏ, ਜਦੋਂ ਕਿ ਅਰਜਨਟੀਨਾ ਇੱਕ ਵੀ ਸ਼ਾਟ ਨਹੀਂ ਲਗਾ ਸਕੀ। ਇਸ ਤੋਂ ਇਲਾਵਾ ਸਪੇਨ ਨੂੰ ਨੌਂ ਅਤੇ ਅਰਜਨਟੀਨਾ ਨੂੰ ਸਿਰਫ ਇੱਕ ਕਾਰਨਰ ਮਿਲਿਆ। ਇਸ ਜਿੱਤ ਦੇ ਨਾਲ ਹੀ ਸਪੇਨ ਪੁਰਸ਼ ਅਤੇ ਮਹਿਲਾ ਫੁਟਬਾਲ ਵਿਸ਼ਵ ਕੱਪ ਇੱਕੋ ਸਮੇਂ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।