ਚੰਡੀਗੜ੍ਹ (ਨ ਜ਼ ਸ)
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਇੱਥੇ ਸਵਾ ਦੋ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ, ਪਰ ਅਕਾਲੀ ਦਲ ਨਾ ਕਦੇ ਦਬੇਗਾ ਅਤੇ ਨਾ ਹੀ ਝੁਕੇਗਾ। ਉਨ੍ਹਾ ਸਪੱਸ਼ਟ ਕੀਤਾ ਕਿ ਸਿੱਟ ਵੱਲੋਂ ਜਿੰਨੀ ਵਾਰ ਵੀ ਉਨ੍ਹਾ ਨੂੰ ਬੁਲਾਇਆ ਜਾਵੇਗਾ, ਉਹ ਉਸ ਅੱਗੇ ਜ਼ਰੂਰ ਪੇਸ਼ ਹੋਣਗੇ।
ਪੰਜਾਬ ਪੁਲਸ ਆਫੀਸਰਜ਼ ਇੰਸਟੀਚਿਊਟ, ਸੈਕਟਰ-32 ਵਿਖੇ ਪੇਸ਼ੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਮੌਜੂਦ ਰਹੇ। ਸੁਖਬੀਰ ਬਾਦਲ ਨੇ ਪੁੱਛਗਿੱਛ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਸਿਆਸਤ ਕਰਨ ‘ਚ ਲੱਗੀ ਹੋਈ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ, ਜਿਸ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਵੱਲੋਂ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਪੰਜਾਬੀਆਂ ਦਾ ਰਾਜ ਹੋਵੇਗਾ ਅਤੇ ਆਗਾਮੀ ਚੋਣਾਂ ਵਿੱਚ ਕਾਂਗਰਸ ਤੇ ‘ਆਪ’ ਦਾ ਸਫਾਇਆ ਹੋ ਜਾਵੇਗਾ। 2015 ਵਿੱਚ ਬਰਗਾੜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਗਠਿਤ ਸਿੱਟ ਲਗਾਤਾਰ ਸਬੂਤਾਂ ਨੂੰ ਖੰਗਾਲ ਰਹੀ ਹੈ ਅਤੇ ਇਸੇ ਲੜੀ ਤਹਿਤ ਹੁਣ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ।



