ਚੰਡੀਗੜ੍ਹ : ਅੰਦੋਲਨਕਾਰੀਆਂ ‘ਤੇ ਲਾਠੀਚਾਰਜ ਕਰਨ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਲਾਠੀਚਾਰਜ ਕਰਵਾ ਦਿੱਤਾ। ਇਹ ਠੀਕ ਨਹੀਂ। ਉਨ੍ਹਾ ਕਿਹਾ ਕਿ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਹ ਸਾਡੇ ਹੀ ਦੇਸ਼ ਦੇ ਬੱਚੇ ਹਨ, ਜੋ ਇਨਸਾਫ਼ ਮੰਗਣ ਲਈ ਸੜਕਾਂ ‘ਤੇ ਉਤਰੇ ਹਨ। ਪ੍ਰਧਾਨ ਮੰਤਰੀ ਜੀ, ਹੰਕਾਰ ਛੱਡੋ ਅਤੇ ਉਨ੍ਹਾਂ ਦੀ ਗੱਲ ਸੁਣੋ। ਇਹਨਾਂ ਨੌਜਵਾਨਾਂ ਦਾ ਗੁੱਸਾ ਸੰਭਾਲੋ। ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਇਹ ਸੋਚਦੇ ਹਨ ਕਿ ਕਿਤਾਬ ਮੇਰੀ ਜ਼ਿੰਦਗੀ ਅਤੇ ਮੇਰੇ ਪਰਵਾਰ ਦਾ ਭਵਿੱਖ ਬਦਲ ਦੇਵੇਗੀ ਅਤੇ ਮੈਂ ਕਿਤਾਬ ਪੜ੍ਹਾਂਗਾ। ਬੱਚੇ ਸਵੇਰੇ 3 ਵਜੇ ਦਾ ਅਲਾਰਮ ਲਗਾ ਕੇ ਪੜ੍ਹਨ ਬੈਠਦੇ ਹਨ। ਉਨ੍ਹਾਂ ਦੀ 14-14 ਘੰਟੇ ਦੀ ਸਿਟਿੰਗ ਹੁੰਦੀ ਹੈ, ਤਦ ਜਾ ਕੇ ਕਿਤੇ ਉਹ ਨੀਟ ਪ੍ਰੀਖਿਆ ਦੀ ਤਿਆਰੀ ਕਰਦੇ ਹਨ, ਪਰ ਪ੍ਰੀਖਿਆ ਤੋਂ ਇੱਕ-ਦੋ ਦਿਨ ਪਹਿਲਾਂ ਪਤਾ ਲੱਗਦਾ ਹੈ ਕਿ ਪੇਪਰ ਤਾਂ ਲੀਕ ਹੋ ਗਿਆ। ਵੱਡੇ-ਵੱਡੇ ਅਮੀਰ ਲੋਕਾਂ ਨੇ ਪੇਪਰ ਖਰੀਦ ਲਿਆ ਹੈ ਅਤੇ ਹੁਣ ਕੇਵਲ ਉਨ੍ਹਾਂ ਦੇ ਹੀ ਬੱਚੇ ਅੱਗੇ ਆਉਣਗੇ। ਇਹ ਬਿਲਕੁਲ ਸਹੀ ਨਹੀਂ। ਜੰਤਰ-ਮੰਤਰ ‘ਤੇ ਸਾਡੇ ਵਿਦਿਆਰਥੀਆਂ ਦਾ ਜੋ ਪ੍ਰਦਰਸ਼ਨ ਚੱਲ ਰਿਹਾ ਹੈ, ਮੈਂ ਉਸ ਦਾ ਪੂਰਾ ਸਮਰਥਨ ਕਰਦਾ ਹਾਂ। ਅਸੀਂ ਸਾਰੇ ਵਿਦਿਆਰਥੀਆਂ ਦੇ ਨਾਲ ਹਾਂ।’



