ਲੋਕਤੰਤਰ ਦੀ ਮਾਂ ਗੱਲ ਕਿਉਂ ਨਹੀਂ ਕਰਦੀ?

0
9

ਨਵੀਂ ਦਿੱਲੀ : ਹੈਲੇ ਲਿੰਗ ਸਵੈਂਡਸਨ ਨੂੰ ਫੁੱਟਬਾਲ ਸਟਾਰ ਏਰਲਿੰਗ ਹਾਲੈਂਡ ਤੋਂ ਬਾਅਦ, ਭਾਰਤ ਵਿੱਚ ਦੂਜੀ ਸਭ ਤੋਂ ਮਸ਼ਹੂਰ ਨਾਰਵੇਈਅਨ ਕਿਹਾ ਜਾ ਸਕਦਾ ਹੈ। ਨਾਰਵੇਈ ਪੱਤਰਕਾਰ ਲਿੰਗ, ਜਿਹੜੀ ਮਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖਾ ਸਵਾਲ ਕਰਨ ‘ਤੇ ਚਰਚਾ ਵਿੱਚ ਆਈ ਸੀ, ਅਜੇ ਵੀ ਭਾਰਤ ਨੂੰ ਅਸਹਿਜ ਸਵਾਲ ਕਰ ਰਹੀ ਹੈ। ਆਪਣੇ ਸੋਸ਼ਲ ਮੀਡੀਆ ‘ਤੇ ਉਹ ਭਾਰਤ ਦੇ ਮੌਜੂਦਾ ਮੁੱਦਿਆਂ ਨੂੰ ਉਜਾਗਰ ਕਰ ਰਹੀ ਹੈ, ਜਿਸ ਦੀ ਅਕਸਰ ਭਾਰਤੀ ਪੱਤਰਕਾਰਾਂ ਸਮੇਤ ਰਾਸ਼ਟਰਵਾਦੀ ਕੀਬੋਰਡ ਯੋਧਿਆਂ ਵੱਲੋਂ ਆਲੋਚਨਾ ਕੀਤੀ ਜਾਂਦੀ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁੱਕ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਲਿਜਾਣ ਤੋਂ ਬਾਅਦ, ਲਿੰਗ ਨੇ ਪੋਸਟ ਪਾਈ, ”ਲੋਕਤੰਤਰ ਦੀ ਮਾਂ ਸੰਵਾਦ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਜਵਾਬ ਦੇਣ ਦੀ ਥਾਂ ਇਸ ਸ਼ੈਲੀ ਨੂੰ ਚੁਣਦੀ ਹੈ।”
ਕੁਝ ਸੋਸ਼ਲ ਮੀਡੀਆ ਯੂਜ਼ਰ ਨੇ ਉਸ ‘ਤੇ ਭਾਰਤ ਬਾਰੇ ਚੋਣਵੀਆਂ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਹੈ। ਟੈਲੀਗ੍ਰਾਫ ਆਨਲਾਈਨ ਨੇ ਜਦ ਉਸ ਨੂੰ ਦੱਸਿਆ ਕਿ ਭਾਰਤ ਵਿੱਚ ਅਜਿਹੇ ਪੱਤਰਕਾਰ ਅਤੇ ਅਖਬਾਰ ਹਨ, ਜਿਹੜੇ ਸੱਤਾ ਵਿੱਚ ਬੈਠੇ ਲੋਕਾਂ ਤੋਂ ਜਵਾਬ ਮੰਗਦੇ ਹਨ, ਤਾਂ ਲਿੰਗ ਨੇ ਕਿਹਾ, ”ਮੈਂ ਆਪਣੇ ਐੱਕਸ ਅਤੇ ਆਪਣੇ ਇੰਸਟਾਗ੍ਰਾਮ ‘ਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਪੱਤਰਕਾਰਾਂ ਅਤੇ ਅਖਬਾਰਾਂ ਨੂੰ ਉਜਾਗਰ ਕੀਤਾ ਹੈ, ਜੋ ਸੱਤਾ ਦੇ ਸਾਹਮਣੇ ਸੱਚ ਬੋਲਦੇ ਹਨ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਉਹ ਸੱਚਮੁੱਚ ਭਾਰੀ ਮਿਹਨਤ ਕਰ ਰਹੇ ਹਨ।”
ਉਸ ਨੇ ਇਸ ਧਾਰਨਾ ਨੂੰ ਵੀ ਰੱਦ ਕਰ ਦਿੱਤਾ ਕਿ ਉਹ ਓਸਲੋ ਵਿੱਚ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਪਿੱਛਾ ਕਰ ਰਹੀ ਹੈ। ਉਸ ਨੇ ਕਿਹਾ, ”ਮੈਂ ਇਹ ਨਹੀਂ ਕਹਾਂਗੀ ਕਿ ਮੈਂ ਉਨ੍ਹਾ ਦਾ ਪਿੱਛਾ ਕਰਦੀ ਹਾਂ। ਮੈਂ ਸਿਰਫ ਆਪਣੀ ਆਵਾਜ਼ ਉਠਾਈ ਸੀ ਅਤੇ ਇੱਕ ਸਵਾਲ ਪੁੱਛਿਆ ਸੀ। ਅਤੇ ਮੈਂ ਹਾਲ ਹੀ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹੋਏ ਘਟਨਾਕ੍ਰਮ ਤੋਂ ਬਾਅਦ ਮੈਂ ਭਾਰਤੀ ਰਾਜਨੀਤੀ ਵਿੱਚ ਦੁਬਾਰਾ ਸ਼ਾਮਲ ਹੋਈ ਹਾਂ।”
ਭਾਰਤ ਵਿੱਚ ਪ੍ਰੈੱਸ ਜਵਾਬਦੇਹੀ ਬਾਰੇ ਉਸ ਦੀਆਂ ਤਾਜ਼ਾ ਟਿੱਪਣੀਆਂ ਅਤੇ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ, ਜਿਸ ਨੇ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ, ਨੇ ਇੱਕ ਜਾਣੇ-ਪਛਾਣੇ ਵਿਵਾਦ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ, ਜਿਸ ਵਿੱਚ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਨਾਰਵੇ ਦੀ ਇੱਕ ਪੱਤਰਕਾਰ ਭਾਰਤ ਦੇ ਘਰੇਲੂ ਮਾਮਲਿਆਂ ‘ਤੇ ਲਗਾਤਾਰ ਟਿੱਪਣੀਆਂ ਕਿਉਂ ਕਰ ਰਹੀ ਹੈ। ਲਿੰਗ ਨੇ ਕਿਹਾ ਕਿ ਭਾਰਤ ਵਿੱਚ ਉਸ ਦੀ ਦਿਲਚਸਪੀ ਉਤਸੁਕਤਾ-ਵੱਸ ਹੈ, ਕਿਸੇ ਏਜੰਡੇ ਤਹਿਤ ਨਹੀਂ। ਉਸ ਨੇ ਕਿਹਾ, ”ਮੇਰੀ ਭਾਰਤ ਅਤੇ ਖਾਸ ਕਰਕੇ ਉੱਥੇ ਪ੍ਰੈੱਸ ਦੀ ਆਜ਼ਾਦੀ ਵਿੱਚ ਦਿਲਚਸਪੀ ਵਧ ਰਹੀ ਹੈ। ਮੈਂ ਜਿੰਨਾ ਜ਼ਿਆਦਾ ਜਾਣਦੀ ਹਾਂ, ਓਨਾ ਹੀ ਮੈਂ ਇਸ ‘ਤੇ ਚਰਚਾ ਕਰਨਾ ਚਾਹੁੰਦੀ ਹਾਂ। ਲੋਕ ਇਸ ਦੀ ਵਿਆਖਿਆ ਆਪਣੀ ਮਰਜ਼ੀ ਨਾਲ ਕਰ ਸਕਦੇ ਹਨ, ਮੈਂ ਸਿਰਫ ਸਵਾਲ ਪੁੱਛ ਰਹੀ ਹਾਂ। ਭਾਰਤ ਇੱਕ ਵੱਡਾ ਅਤੇ ਸ਼ਕਤੀਸ਼ਾਲੀ ਰਾਸ਼ਟਰ ਹੈ।”
ਆਲੋਚਕਾਂ ਵੱਲੋਂ ਉਸ ‘ਤੇ ਭਾਰਤ ਦੇ ਸੰਦਰਭ ਨੂੰ ਪੂਰੀ ਤਰ੍ਹਾਂ ਸਮਝੇ ਬਿਨਾਂ ਘਰੇਲੂ ਮੁੱਦਿਆਂ ‘ਤੇ ਟਿੱਪਣੀ ਕਰਨ ਦਾ ਦੋਸ਼ ਲਾਉਣ ਬਾਰੇ ਲਿੰਗ ਨੇ ਕਿਹਾ, ”ਲੋਕ ਇਸ ‘ਤੇ ਬਹਿਸ ਕਰ ਸਕਦੇ ਹਨ ਅਤੇ ਮੈਂ ਉਨ੍ਹਾਂ ਦੀ ਰਾਏ ਦੀ ਕਦਰ ਕਰਦੀ ਹਾਂ ਅਤੇ ਉਨ੍ਹਾਂ ਦਾ ਸਵਾਗਤ ਕਰਦੀ ਹਾਂ। ਮੈਂ ਸੱਚਮੁੱਚ ਭਾਰਤ ਦੀ ਮਾਹਰ ਨਹੀਂ ਹਾਂ।”
ਪਰ ਭਾਰਤ ‘ਤੇ ਉਹ ਏਨਾ ਫੋਕਸ ਕਿਉਂ ਕਰ ਰਹੀ ਹੈ, ਦੇ ਜਵਾਬ ਵਿੱਚ ਲਿੰਗ ਨੇ ਕਿਹਾ ਕਿ ਦੇਸ਼ ਦਾ ਵਧਦਾ ਪ੍ਰਭਾਵ ਕੁਦਰਤੀ ਤੌਰ ‘ਤੇ ਕੌਮਾਂਤਰੀ ਧਿਆਨ ਖਿੱਚਦਾ ਹੈ। ਉਸ ਨੇ ਅੱਗੇ ਕਿਹਾ, ”ਮੈਂ ਚੀਨ ਬਾਰੇ ਵੀ ਗੱਲ ਕੀਤੀ ਹੈ। ਇਸ ਸਮੇਂ, ਮੈਨੂੰ ਫਾਲੋ ਕਰਨ ਵਾਲੇ ਲੋਕ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਬਾਰੇ ਮੇਰੇ ਵਿਚਾਰ ਵਿੱਚ ਦਿਲਚਸਪੀ ਰੱਖਦੇ ਹਨ। ਮੈਂ ਇਹ ਵੀ ਮੰਨਦੀ ਹਾਂ ਕਿ ਕੌਮਾਂਤਰੀ ਮੀਡੀਆ ਭਾਰਤ ਨੂੰ ਜ਼ਿਆਦਾ ਪਰਖੇ। ਬਹੁਤ ਸਾਰੇ ਲੋਕ ਯੂਰਪੀ ਸੰਘ ਦੀਆਂ ਸਮੱਸਿਆਵਾਂ ਬਾਰੇ ਬਹੁਤ ਕੁਝ ਲਿਖਦੇ ਹਨ। ਮਿਸਾਲ ਵਜੋਂ ਹੰਗਰੀ ਬਾਰੇ। ਮੈਨੂੰ ਲੱਗਦਾ ਹੈ ਕਿ ਕੌਮਾਂਤਰੀ ਪ੍ਰੈੱਸ ਵਿੱਚ ਭਾਰਤ ਨੂੰ ਕੁਝ ਹੱਦ ਤੱਕ ਅਣਗੌਲਿਆ ਕੀਤਾ ਗਿਆ ਹੈ। ਅਤੇ ਨਾਲ ਹੀ ਜੋ ਲੋਕ ਇਸ ਸਮੇਂ ਮੇਰੇ ਵਿਚਾਰ ਪੜ੍ਹਨਾ ਚਾਹੁੰਦੇ ਹਨ, ਉਹ ਮੁੱਖ ਤੌਰ ‘ਤੇ ਭਾਰਤ ਵਿੱਚ ਹਨ।”