ਹੁਸ਼ਿਆਰਪੁਰ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ ਮੈਮੋਰੀਅਲ ਹਾਲ ਹੁਸ਼ਿਆਰਪੁਰ ਵਿਖੇ ਜਨਰਲ ਬਾਡੀ ਮੀਟਿੰਗ ਸਾਧੂ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੱਤਰ ਉਂਕਾਰ ਸਿੰਘ ਨੇ ਪਿਛਲੇ ਸਮੇਂ ਵਿੱਚ ਹੋਏ ਰਾਜਨੀਤਕ ਕੰਮਾਂ ਦੀ ਰਿਪੋਰਟ ਕੀਤੀ।ਸੰਬੋਧਨ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪਹਿਲੀ ਸਤੰਬਰ ਨੂੰ ਕੁੱਲ ਹਿੰਦ ਪੱਧਰ ਦੀ ਰੈਲੀ ਦਿੱਲੀ ਵਿਖੇ ਹੋ ਰਹੀ ਹੈ।ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਤੇ ਜਮਹੂਰੀਅਤ ਦਾ ਘਾਣ ਕਰਨ ਦੇ ਰਾਹ ਤੁਰੀ ਹੈ।ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ।ਹਕੀਕਤ ਇਹ ਹੈ ਕਿ ਭਾਜਪਾ ਦੀ ਹਕੂਮਤ ਨੇ ਹਿੰਦੁਸਤਾਨ ਵਿੱਚ ਵੱਖਰੀ ਕਿਸਮ ਦਾ ਫਾਸ਼ੀਵਾਦ ਕਾਇਮ ਕੀਤਾ ਹੋਇਆ ਹੈ। ਵੋਟਾਂ ਦੀ ਪੜਤਾਲ ਪਿੱਛੇ ਵੀ ਭਾਜਪਾ ਦੀ ਚਾਲ ਇਹ ਹੈ ਕਿ ਦੇਸ਼ ਵਿੱਚੋਂ ਮੁਸਲਿਮ ਭਾਈਚਾਰੇ ਦੀਆਂ ਵੋਟਾਂ ਕੱਟ ਕੇ ਉਨ੍ਹਾਂ ਨੂੰ ਵੋਟਾਂ ਪਾਉਣ ਤੋਂ ਵਾਂਝਿਆਂ ਕੀਤਾ ਜਾਵੇ।ਆਰ ਐੱਸ ਐੱਸ ਦੇ ਇਸ਼ਾਰੇ ‘ਤੇ ਭਾਜਪਾ ਵੋਟਾਂ ਕੱਟਣ ਵਾਲਾ ਵਰਤਾਰਾ ਪਹਿਲਾਂ ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਵਰਤ ਚੁੱਕੀ ਹੈ।ਇਸ ਢੰਗ ਨਾਲ ਭਾਜਪਾ ਨੇ ਇਨ੍ਹਾਂ ਦੋਵਾਂ ਸੂਬਿਆਂ ‘ਤੇ ਕਬਜ਼ਾ ਕੀਤਾ ਹੈ।ਭਾਜਪਾ ਸਰਕਾਰ ਦੀ ਫਾਸ਼ੀਵਾਦੀ ਨੀਤੀ ਵਿਰੁੱਧ ਜਿਹੜਾ ਬੋਲਦਾ ਹੈ, ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।ਕਈ ਬੁੱਧੀਜੀਵੀ ਤੇ ਲਿਖਾਰੀਆਂ ਦੀ ਜ਼ਬਾਨ ਬੰਦ ਕਰਨ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ।
ਮਾੜੀਮੇਘਾ ਨੇ ਕਿਹਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਹ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹਨ। ਪੜ੍ਹਾਈ ਦੇ ਸਿਲੇਬਸ ‘ਚੋਂ ਦੇਸ਼ ਭਗਤੀ ਵਾਲੇ ਚੈਪਟਰ ਖਤਮ ਕਰ ਦਿੱਤੇ ਗਏ ਹਨ ਅਤੇ ਪੜ੍ਹਾਈ ਵੀ ਬਹੁਤ ਮਹਿੰਗੀ ਹੈ। ਗਰੀਬ ਤੇ ਮੱਧ ਵਰਗ ਦੇ ਬੱਚੇ ਵਿਦਿਆ ਲੈਣ ਤੋਂ ਅਸਮਰਥ ਹਨ। ਮਨਰੇਗਾ ਕਾਨੂੰਨ ਰਾਹੀਂ ਪਿੰਡਾਂ ਵਿੱਚ ਗਰੀਬਾਂ ਨੂੰ ਕੰਮ ਮਿਲ ਜਾਂਦਾ ਸੀ, ਉਹ ਕਾਨੂੰਨ ਵੀ ਖਤਮ ਕਰਕੇ ਕੰਮ ਲੈਣ ਲਈ ਬਹੁਤ ਕਰੜੀਆਂ ਧਾਰਾਵਾਂ ਲਾ ਦਿੱਤੀਆਂ ਗਈਆਂ, ਜਿਸ ਕਰਕੇ ਹੁਣ ਕੰਮ ਮਿਲਣਾ ਮੁਸ਼ਕਲ ਹੈ। ਇਨ੍ਹਾਂ ਮਸਲਿਆਂ ਨੂੰ ਲੈ ਕੇ ਪਹਿਲਾਂ 7 ਤੋਂ 15 ਅਗਸਤ ਤੱਕ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਥੇ ਮਾਰਚ ਕੀਤੇ ਜਾਣਗੇ ਅਤੇ ਪਹਿਲੀ ਸਤੰਬਰ ਨੂੰ ਹੁੰਮਹੁਮਾ ਕੇ ਦਿੱਲੀ ਪਹੁੰਚਿਆ ਜਾਵੇਗਾ। ਉਕਤ ਮਸਲਿਆਂ ਤੋਂ ਇਲਾਵਾ ਜਥਾ ਮਾਰਚ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਦੇ ਦਰਿਆਵਾਂ ਦੇ ਪਾਣੀ ਪੰਜਾਬ ਲਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਆਪਣੇ ਹੱਕ ਬਹਾਲ ਕਰਾਉਣ ਲਈ ਆਦਿ ਮਸਲੇ ਵਿਚਾਰੇ ਜਾਣਗੇ।



