ਚੰਡੀਗੜ੍ਹ (ਨ ਜ਼ ਸ)-ਇੱਥੇ ਪੰਜਾਬ ਯੂਨੀਵਰਸਿਟੀ ਵਿਖੇ ਆਰ ਐੱਸ ਐੱਸ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੀ ਪੁਲਸ ਨੇ ਬੁਰੀ ਤਰ੍ਹਾਂ ਖਿੱਚ-ਧੂਹ ਕੀਤੀ ਅਤੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਸ ਸਟੇਸ਼ਨ ਲੈ ਗਈ। ਵਿਦਿਆਰਥੀ ਆਗੂਆਂ, ਜਿਨ੍ਹਾਂ ਵਿੱਚ ਜ਼ੋਬਨ, ਸਾਰਾਹ ਸ਼ਰਮਾ, ਸੰਦੀਪ ਆਦਿ ਸ਼ਾਮਲ ਸਨ, ਨੇ ਕਿਹਾ ਕਿ ਪੀ ਯੂ ਅਥਾਰਿਟੀ ਨੇ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੇ ਜਾਣ ‘ਤੇ ਕੁਝ ਦਿਨ ਪਹਿਲਾਂ ਇਹ ਪ੍ਰੋਗਰਾਮ ਰੱਦ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ। ਸੋਮਵਾਰ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਵਿਦਿਆਰਥੀਆਂ ਵੱਲੋਂ ਜਮਹੂਰੀ ਢੰਗ ਨਾਲ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ। ਪ੍ਰੋਗਰਾਮ ਦਾ ਵਿਰੋਧ ਇਸ ਲਈ ਕੀਤਾ ਗਿਆ ਸੀ, ਕਿਉਂਕਿ ਇਸ ਵਿੱਚ ਬੁਲਾਏ ਗਏ ਬੁਲਾਰੇ (ਸਾਧਵੀ ਰਿਤੰਭਰਾ ਅਤੇ ਸ਼ਾਂਤਾ ਕੁਮਾਰੀ) ਆਰ ਐੱਸ ਐੱਸ ਦੇ ਫਿਰਕੂ, ਫੁੱਟ ਪਾਊ ਏਜੰਡੇ ਅਤੇ ਪਿੱਤਰਸੱਤਾ ਨੂੰ ਪਰਨਾਏ ਹੋਏ ਹਨ। ‘ਪੀ ਯੂ ਅਗੇਂਸਟ ਸੈਫਰੋਨਾਈਜ਼ੇਸ਼ਨ’ ਵੱਲੋਂ ਬੀਤੇ ਦਿਨ ਹੀ ਇਸ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਸੀ। ਜਦੋਂ ਵਿਦਿਆਰਥੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰੋਗਰਾਮ ਦੀ ਥਾਂ ਵੱਲ ਮਾਰਚ ਕੀਤਾ ਜਾ ਰਿਹਾ ਸੀ, ਤਾਂ ਚੰਡੀਗੜ੍ਹ ਪੁਲਸ ਵੱਲੋਂ ਆਡੀਟੋਰੀਅਮ ਦੇ ਗੇਟ ‘ਤੇ ਵਿਦਿਆਰਥੀਆਂ ਨੂੰ ਰੋਕ ਲਿਆ ਗਿਆ। ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਅਤੇ ਹਥਿਆਰਬੰਦ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੁਲਸ ਨੇ ਵਿਦਿਆਰਥੀਆਂ ਨੂੰ ਧੱਕੇ ਨਾਲ ਪੁਲਸ ਵੈਨਾਂ ਵਿੱਚ ਸੁੱਟ ਕੇ ਸੈਕਟਰ-24 ਦੇ ਥਾਣੇ ਲਿਜਾਇਆ ਗਿਆ। ‘ਪੀ ਯੂ ਅਗੇਂਸਟ ਸੈਫਰੋਨਾਈਜ਼ੇਸ਼ਨ’ ਨੇ ਚੰਡੀਗੜ੍ਹ ਪੁਲਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਉਹ ਹੋਰ ਵੀ ਬੁਲੰਦ ਹੌਸਲੇ ਨਾਲ ਅਜਿਹੇ ਪ੍ਰੋਗਰਾਮਾਂ ਦਾ ਟਾਕਰਾ ਕਰਦੇ ਰਹਿਣਗੇ। ਪੁਲਸ ਦੀ ਧੱਕੇਸ਼ਾਹੀ ਖਿਲਾਫ ਸ਼ਾਮ 5:30 ਵਜੇ ਸਾਰੇ ਵਿਦਿਆਰਥੀਆਂ ਨੂੰ ਸਟੂਡੈਂਟਸ ਸੈਂਟਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ।




