ਸੰਸਦ ਵੱਲ ਮਾਰਚ ‘ਚ ਵਿਦਿਆਰਥੀਆਂ-ਨੌਜਵਾਨਾਂ ਦੇ ਨਾਲ ਸਕੂਲੀ ਬੱਚੇ ਤੇ ਮਾਪੇ ਵੀ ਸ਼ਾਮਲ, ਕਈ ਲਹੂ-ਲੁਹਾਨ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗਰੀਬ-ਵਿਰੋਧੀ ਸਿੱਖਿਆ ਨੀਤੀ ਅਤੇ ਪੇਪਰ ਲੀਕ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤੇ ਜਾ ਰਹੇ ਖਿਲਵਾੜ ਖਿਲਾਫ ਕਈ ਦਿਨਾਂ ਤੋਂ ਬਣ ਰਿਹਾ ਲਾਵਾ ਸੋਮਵਾਰ ਫੁੱਟ ਪਿਆ, ਜਦੋਂ ਹਜ਼ਾਰਾਂ ਵਿਦਿਆਰਥੀਆਂ-ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੇ ਵਰ੍ਹਦੇ ਮੀਂਹ ਵਿੱਚ ਲਾਠੀਆਂ ਤੇ ਹੰਝੂ ਗੈਸ ਦੇ ਗੋਲਿਆਂ ਦੀ ਪਰਵਾਹ ਨਾ ਕਰਦਿਆਂ ਜੰਤਰ-ਮੰਤਰ ਤੋਂ ਸੰਸਦ ਵੱਲ ਮਾਰਚ ਕੀਤਾ। ਉੱਥੋਂ ਤੱਕ ਪਹੁੰਚਦਿਆਂ ਅਨੇਕਾਂ ਲੋਕ ਲਹੂ-ਲੁਹਾਨ ਹੋ ਗਏ। ਜ਼ਬਰਦਸਤ ਬੈਰੀਕੇਡਿੰਗ ਨੂੰ ਪਾਰ ਕਰਦਿਆਂ ਪ੍ਰੋਟੈੱਸਟਰਾਂ ਨੇ ਕਈ ਕਿੱਲੋਮੀਟਰਾਂ ਦਾ ਪੈਂਡਾ ਤੈਅ ਕੀਤਾ। ਉਹ ਨਾਅਰੇ ਲਾ ਰਹੇ ਸਨ—ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਜੈ ਭੀਮ, ਪੁਲਸ ਕੋ ਆਗੇ ਕਰਤਾ ਹੈ, ਧਰਮੇਂਦਰ ਪ੍ਰਧਾਨ ਅਸਤੀਫਾ ਦੋ। ਪ੍ਰੋਟੈਸਟਰਾਂ ‘ਤੇ ਤਸ਼ੱਦਦ ਕਾਰਨ ਸੰਸਦ ਦੇ ਦੋਹਾਂ ਸਦਨਾਂ ਵਿੱਚ ਕਾਰਵਾਈ ਨਹੀਂ ਚੱਲ ਸਕੀ। ਪ੍ਰੋਟੈੱਸਟਰਾਂ ਤੋਂ ਡਰਦਿਆਂ ਸੰਸਦ ਭਵਨ ਦੇ ਗੇਟ ਬੰਦ ਕਰ ਦਿੱਤੇ ਗਏ ਸਨ।
ਇਸੇ ਦੌਰਾਨ ਪੁਲਸ ਨੇ ਅੰਦੋਲਨਕਾਰੀਆਂ ਦੇ ਜੰਤਰ-ਮੰਤਰ ਸਥਿਤ ਟੈਂਟ ਉਖਾੜ ਦਿੱਤੇ ਹਨ। ਕਾਕਰੋਚ ਜਨਤਾ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ, ਹੁਣ ਅੰਦੋਲਨ ਰੁਕਣ ਵਾਲਾ ਨਹੀਂ। ਹਜ਼ਾਰਾਂ ਮਾਰਚਕਾਰੀਆਂ ਵਿੱਚ ਵੱਖ-ਵੱਖ ਰਾਜਾਂ ਤੋਂ ਪਹੁੰਚੇ ਬਜ਼ੁਰਗ ਅਤੇ ਦਿੱਲੀ ਵਿੱਚ ਘਰਾਂ ‘ਚੋਂ ਖਿਸਕ ਕੇ ਆਏ ਬੱਚੇ ਵੀ ਕਾਫੀ ਗਿਣਤੀ ‘ਚ ਸਨ। ਕੁਝ ਬੱਚੇ ਸਕੂਲੀ ਵਰਦੀ ਵਿੱਚ ਸਨ, ਜਦਕਿ ਕੁਝ ਨੇ ‘ਕਾਕਰੋਚ’ ਲਿਬਾਸ ਪਾਇਆ ਹੋਇਆ ਸੀ। ਦਿਨ ਚੜ੍ਹਦਿਆਂ ਹੀ ਕੇਂਦਰੀ ਦਿੱਲੀ ਵਿੱਚ ਝੰਡੇ ਤੇ ਤਖਤੀਆਂ ਚੁੱਕੀ ਲੋਕਾਂ ਦਾ ਹੜ੍ਹ ਆ ਗਿਆ ਸੀ। ਸੰਸਦ ਵੱਲ ਵਧ ਰਹੇ ਲੋਕਾਂ ਨੂੰ ਪੁਲਸ ਨੇ ਕਈ ਥਾਈਂ ਸਖਤੀ ਨਾਲ ਰੋਕਿਆ। ਪਾਰਲੀਮੈਂਟ ਸਟਰੀਟ, ਪਟੇਲ ਚੌਕ, ਰੇਲ ਭਵਨ ਤੇ ਹੋਰਨਾਂ ਇਲਾਕਿਆਂ ਵਿੱਚ ਹੰਝੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਕੇਂਦਰੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ।
ਮਾਰਚ ਜੰਤਰ-ਮੰਤਰ ਤੋਂ ਸ਼ੁਰੂ ਹੋਇਆ, ਜਿੱਥੇ ਸੀ ਜੇ ਪੀ ਵੱਲੋਂ 20 ਜੂਨ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਸੀ। ਪੁਲਸ ਵੱਲੋਂ ਪਿੱਛੇ ਧੱਕਣ ਦੇ ਬਾਵਜੂਦ ਅੰਦੋਲਨਕਾਰੀ ਮੁੜ-ਮੁੜ ਕੇ ਅੱਗੇ ਵਧਦੇ ਰਹੇ। ਕੁਝ ਤਾਂ ਬੈਰੀਕੇਡਾਂ ‘ਤੇ ਵੀ ਚੜ੍ਹਦੇ ਰਹੇ। ਪ੍ਰਕਾਸ਼ ਨਾਂਅ ਦੇ ਪ੍ਰੋਟੈੱਸਟਰ ਨੇ ਕਿਹਾ ਕਿ ਬਜ਼ੁਰਗ ਬੇਹੋਸ਼ ਹੁੰਦੇ ਰਹੇ, ਪਰ ਪੁਲਸ ਨੇ ਸਾਰ ਨਹੀਂ ਲਈ। ਸਿਰ ‘ਤੇ ਪੁਲਸ ਦਾ ਡੰਡਾ ਖਾਣ ਵਾਲੇ ਵਿਦਿਆਰਥੀ ਸੰਦੀਪ ਨੇ ਕਿਹਾ, ‘ਜੇ ਅਸੀਂ ਡਰ ਗਏ ਤਾਂ ਸਾਨੂੰ ਬੁਜ਼ਦਿਲ ਕਿਹਾ ਜਾਵੇਗਾ। ਉਹ (ਹਾਕਮ) ਆਪਣੇ ਬੱਚੇ ਪੜ੍ਹਨ ਲਈ ਵਿਦੇਸ਼ ਭੇਜਦੇ ਹਨ, ਪਰ ਸਾਡੀ ਕੋਈ ਪਰਵਾਹ ਨਹੀਂ ਕਰਦੇ।’
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਸਮਾਜਕ ਕਾਰਕੁੰਨਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਵਫਦ ਦੀ ਅਪੀਲ ਤੋਂ ਬਾਅਦ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਆਗੂਆਂ ਨੇਹਾ, ਮਨੀਸ਼ ਅਤੇ ਆਮੀਨ ਨੇ ਸੋਮਵਾਰ ਭੁੱਖ ਹੜਤਾਲ ਖਤਮ ਕਰ ਦਿੱਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਇੱਕ ਮਹੀਨੇ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਸਾਂਸਦ ਮਨੋਜ ਝਾਅ, ਰਾਜਾਰਾਮ ਸਿੰਘ ਤੇ ਅਮਰਾ ਰਾਮ, ਸਮਾਜਕ ਕਾਰਕੁੰਨ ਯੋਗਿੰਦਰ ਯਾਦਵ, ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਪ੍ਰੋਫੈਸਰ ਅਤੁਲ ਸੂਦ ਅਤੇ ਅਦਾਕਾਰ ਪ੍ਰਕਾਸ਼ ਰਾਜ ਤੇ ਸ਼ਬਾਨਾ ਆਜ਼ਮੀ ਨੇ ਵਿਦਿਆਰਥੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਡਾ. ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਭੁੱਖ ਹੜਤਾਲ ਦਾ ਟੁੱਟਣਾ ਨਹੀਂ ਹੈ, ਸਗੋਂ ਸੰਘਰਸ਼ ਦੇ ਇਸ ਰੂਪ ਦਾ ਇੱਕ ਸਿੱਟਾ ਹੈ। ਡਾ. ਮਨੋਜ ਝਾਅ ਨੇ ਕਿਹਾ, ”ਤੁਸੀਂ ਜੋ ਪ੍ਰਾਪਤ ਕੀਤਾ ਹੈ ਉਹ ਬਹੁਤ ਵੱਡਾ ਹੈ, ਕਿਉਂਕਿ ਇਹ ਸਰਕਾਰ ਸਾਰੇ ਮੋਰਚਿਆਂ ‘ਤੇ ਬੇਨਕਾਬ ਹੋ ਚੁੱਕੀ ਹੈ।” ਸ਼ਬਾਨਾ ਆਜ਼ਮੀ ਨੇ ਕਿਹਾ, ”ਅਸੀਂ ਇੱਕ ਪੀੜ੍ਹੀ ਦੇ ਤੌਰ ‘ਤੇ ਆਪਣੀ ਜਨਰੇਸ਼ਨ ਜ਼ੈਡ ਦਾ ਭਲਾ ਕਰਨ ਵਿੱਚ ਅਸਫਲ ਰਹੇ ਹਾਂ, ਪਰ ਤੁਸੀਂ ਲੋਕਾਂ ਨੇ ਸਾਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ ਹੈ।” ਉੱਥੇ ਹੀ ਰਾਜਾਰਾਮ ਸਿੰਘ ਨੇ ਗੱਲ ਖਤਮ ਕਰਦਿਆਂ ਕਿਹਾ, ”ਤੁਹਾਡਾ ਸੰਘਰਸ਼ ਅੱਜ ਤੋਂ ਲੋਕਤੰਤਰ ਦੇ ਘਰ ਵਿੱਚ ਵੀ ਗੂੰਜੇਗਾ। ਤੁਸੀਂ ਪੂਰੀ ਵਿਰੋਧੀ ਧਿਰ ਨੂੰ ਲੜਨ ਦਾ ਰਸਤਾ ਦਿਖਾਇਆ ਹੈ।”
ਆਈਸਾ ਨੇ ਕਿਹਾ ਕਿ ਮਰਨ ਵਰਤ ਦੌਰਾਨ ਤਿੰਨਾਂ ਵਿਦਿਆਰਥੀਆਂ ਦਾ ਭਾਰ 12 ਫੀਸਦੀ ਤੋਂ ਵੱਧ ਘਟ ਗਿਆ ਸੀ ਅਤੇ ਉਨ੍ਹਾਂ ਨੂੰ ਖਤਰਨਾਕ ਤੌਰ ‘ਤੇ ਘੱਟ ਬਲੱਡ ਸ਼ੂਗਰ ਦੇ ਪੱਧਰ ਦੇ ਨਾਲ-ਨਾਲ ਅੰਗਾਂ ‘ਤੇ ਗੰਭੀਰ ਅਸਰ ਦਾ ਸਾਹਮਣਾ ਕਰਨਾ ਪਿਆ। ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਿਦਿਆਰਥੀਆਂ ਨੇ ਸੱਤਾ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ। ਆਈਸਾ ਨੇ ਐਲਾਨ ਕੀਤਾ ਕਿ ਜੰਤਰ-ਮੰਤਰ ਅੰਦੋਲਨ ਦੀਆਂ ਮੰਗਾਂ ਨੂੰ ਜਾਰੀ ਰੱਖਦੇ ਹੋਏ, ਸੰਸਦ ਸੈਸ਼ਨ ਦੇ ਸਮਾਨਾਂਤਰ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਐੱਨ ਟੀ ਏ ਅਤੇ ਨਵੀਂ ਸਿੱਖਿਆ ਨੀਤੀ ਵਿਰੁੱਧ ਇੱਕ ਮਹੀਨਾ ਲੰਮੀ ਮੁਹਿੰਮ ਚਲਾਈ ਜਾਵੇਗੀ।
ਆਈਸਾ ਨੇ ਦੋਸ਼ ਲਗਾਇਆ ਹੈ ਕਿ ਪੁਲਸ ਕਾਰਵਾਈ ਦੌਰਾਨ ਉਸ ਦੀ ਦਿੱਲੀ ਯੂਨੀਵਰਸਿਟੀ ਇਕਾਈ ਦੇ ਅਹੁਦੇਦਾਰ ਰੋਵਿਨ ਦੀ ਖੱਬੀ ਬਾਂਹ ਵਿੱਚ ਫ੍ਰੈਕਚਰ ਹੋ ਗਿਆ ਹੈ ਅਤੇ ਉਸ ਦੇ ਕਈ ਹੋਰ ਗੰਭੀਰ ਸੱਟਾਂ ਲੱਗੀਆਂ ਹਨ। ਕਈ ਹੋਰ ਕਾਰਕੁੰਨਾਂ ਦੀਆਂ ਧੌਣਾਂ, ਪਿੱਠ, ਬਾਹਾਂ ਤੇ ਲੱਤਾਂ ‘ਤੇ ਗੰਭੀਰ ਸੱਟਾਂ ਆਈਆਂ ਹਨ, ਜਦੋਂ ਕਿ ਇੱਕ ਵਿਦਿਆਰਥੀ ਦਾ ਮੋਢਾ ਉਤਰਨ ਦੀ ਵੀ ਖਬਰ ਹੈ। ਆਈਸਾ ਨੇ ਦੋਸ਼ ਲਾਇਆ ਕਿ ਪੁਰਸ਼ ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਔਰਤਾਂ ‘ਤੇ ਲਾਠੀਚਾਰਜ ਕੀਤਾ। ਉਸ ਨੇ ਲੋੜ ਤੋਂ ਵੱਧ ਤਾਕਤ ਦੀ ਵਰਤੋਂ ਕੀਤੀ। ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਕਿਹਾ, ”ਉਨ੍ਹਾ ਦੀ ਸਿਹਤ ਠੀਕ ਹੈ। ਉਹ ਖੁਸ਼ ਹਨ ਕਿ ਲੋਕ ਏਨੀ ਵੱਡੀ ਗਿਣਤੀ ਵਿੱਚ ਬਾਹਰ ਆਏ ਹਨ ਅਤੇ ਜੋ ਅੰਦੋਲਨ ਉਨ੍ਹਾ ਸ਼ੁਰੂ ਕੀਤਾ ਸੀ, ਉਹ ਏਨਾ ਵੱਡਾ ਹੋ ਗਿਆ ਹੈ। ਅੱਜ ਦਾ ਦਿਨ ਇੱਕ ਮਹੱਤਵਪੂਰਨ ਦਿਨ ਹੈ, ਪਰ ਇਹ ਅੰਤ ਨਹੀਂ। ਇਹ ਅੰਦੋਲਨ ਜਾਰੀ ਰਹੇਗਾ—ਜ਼ਰੂਰੀ ਨਹੀਂ ਕਿ ਵਿਰੋਧ ਪ੍ਰਦਰਸ਼ਨਾਂ ਜਾਂ ਵਰਤ ਰਾਹੀਂ ਹੀ ਹੋਵੇ, ਸਗੋਂ ਇਸ ਮੰਗ ਰਾਹੀਂ ਕਿ ਸਿੱਖਿਆ ਅਤੇ ਸਿੱਖਿਆ ਸੁਧਾਰ ਭਾਰਤ ਦਾ ਸਭ ਤੋਂ ਅਹਿਮ ਮੁੱਦਾ ਬਣਨ, ਤਾਂ ਜੋ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੌਕੇ ਮਿਲ ਸਕਣ ਅਤੇ ਉਹ ਆਪਣੀ ਉਸ ਸਮਰੱਥਾ ਨੂੰ ਪਛਾਣ ਸਕਣ, ਜਿਸ ਲਈ ਉਹ ਪੈਦਾ ਹੋਈਆਂ ਹਨ। ਉਦੋਂ ਹੀ ਭਾਰਤ ‘ਵਿਸ਼ਵ ਨੇਤਾ ਅਤੇ ਵਿਸ਼ਵਗੁਰੂ’ ਬਣੇਗਾ।” ਉੱਧਰ, ਸੀ ਜੇ ਪੀ ਆਗੂ ਅਭਿਜੀਤ ਦੀਪਕੇ ਨੇ ਵਾਂਗਚੁਕ ਦੀ ਬੇਨਤੀ ‘ਤੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਵਾਂਗਚੁਕ ਨੇ ਵਰਤ ਰੱਖਣ ਵਾਲੇ ਸਾਰੇ ਲੋਕਾਂ ਨੂੰ ਹੜਤਾਲ ਖਤਮ ਕਰਨ ਲਈ ਕਿਹਾ ਸੀ, ਤਾਂ ਜੋ ਉਹ ਆਉਣ ਵਾਲੇ ਸੰਸਦ ਮਾਰਚ ਲਈ ਆਪਣੀ ਊਰਜਾ ਅਤੇ ਤਾਕਤ ਬਚਾ ਕੇ ਰੱਖ ਸਕਣ। ਦੀਪਕੇ ਨੇ ਦੇਹਰਾਦੂਨ ਦੀ ਇੱਕ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਰਿਆ ਦੇ ਪਿਤਾ ਦੇ ਹੱਥੋਂ ਜੂਸ ਪੀ ਕੇ ਵਰਤ ਤੋੜਿਆ, ਜਿਸ ਨੇ ਪਿਛਲੇ ਮਹੀਨੇ ਖੁਦਕੁਸ਼ੀ ਕਰ ਲਈ ਸੀ।




