ਪ੍ਰੋਟੈਸਟ ਮੋਦੀ ਦੇ ਦਰ ਤੱਕ ਅੱਪੜਿਆ

0
29

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਹੁਲ ਗਾਂਧੀ ਨੇ ਮੰਗਲਵਾਰ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ 7, ਲੋਕ ਕਲਿਆਣ ਮਾਰਗ ਦੇ ਬਾਹਰ ਆਪਣੀ ਪਾਰਟੀ ਵੱਲੋਂ ਪ੍ਰੋਟੈੱਸਟ ਦੀ ਅਗਵਾਈ ਕੀਤੀ ਅਤੇ ਸੋਮਵਾਰ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਸ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ। ਰਾਹੁਲ ਦੇ ਨਾਲ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਿਅੰਕਾ ਗਾਂਧੀ ਵਾਡਰਾ, ਕੇ ਸੀ ਵੇਣੂਗੋਪਾਲ ਤੇ ਪੰਜਾਬ ਦੇ ਸਾਂਸਦ ਵੀ ਸਨ। ਇਹ ਪਹਿਲੀ ਵਾਰ ਹੈ, ਜਦੋਂ ਰਾਹੁਲ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਇਸ ਤਰ੍ਹਾਂ ਦੇ ਪ੍ਰੋਟੈੱਸਟ ਦੀ ਅਗਵਾਈ ਕੀਤੀ।
ਇੱਕ ਨੇਤਾ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਘਰ ਜਾਣ ਦਾ ਫੈਸਲਾ ਇਸ ਲਈ ਕੀਤਾ, ਕਿਉਂਕਿ ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਨੂੰ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਣ ਦਾ ਮੌਕਾ ਨਹੀਂ ਦਿੱਤਾ। ਰਾਹੁਲ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘ਚਲੋ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਜਗਾਈਏ।’
ਰਾਹੁਲ ਨੇ ਕਿਹਾ, ‘ਅਸੀਂ ਸਪੀਕਰ ਕੋਲ ਗਏ ਅਤੇ ਕਿਹਾ ਕਿ ਅਸੀਂ ਵਿਦਿਆਰਥੀ ਮੁੱਦੇ ‘ਤੇ ਚਰਚਾ ਕਰਨਾ ਚਾਹੁੰਦੇ ਹਾਂ, ਸਪੀਕਰ ਨੇ ਸਾਨੂੰ ਕਿਹਾ ਕਿ ਚਰਚਾ ਲਈ ਉਨ੍ਹਾ ਨੂੰ ਸਰਕਾਰ ਤੋਂ ਪੁੱਛਣਾ ਪਵੇਗਾ। ਕੀ ਤੁਸੀਂ ਸਮਝਦੇ ਹੋ ਕਿ ਇਸ ਦਾ ਕੀ ਅਰਥ ਹੈ? ਸਪੀਕਰ ਸਾਨੂੰ ਦੱਸ ਰਹੇ ਹਨ ਕਿ ਸੰਸਦ ਵਿੱਚ ਬਹਿਸ ਕਰਨ ਲਈ, ਉਨ੍ਹਾ ਨੂੰ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।”
ਸ਼ਾਮ ਨੂੰ ਪੁਲਸ ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ ਸਮੇਤ ਹੋਰਨਾਂ ਨੂੰ ਜਬਰਨ ਚੁੱਕ ਕੇ ਲੈ ਗਈ। ਇਸ ਘਟਨਾਕ੍ਰਮ ਤੋਂ ਪਹਿਲਾਂ ਰਾਹੁਲ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਹਸਪਤਾਲ ਵਿੱਚ ਦਾਖਲ ਅੰਦੋਲਨਕਾਰੀਆਂ ਨੂੰ ਵੀ ਮਿਲੇ।