ਤਾਮਿਲ ਨੌਜਵਾਨ ਨੂੰ 18 ਸਾਲ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ

0
8

ਪਟਿਆਲਾ : ਹਰਿਆਣਾ ਸਕੱਤਰੇਤ ਤੋਂ ਰਿਟਾਇਰ ਹੋਏ ਸੁਭਾਸ਼ ਚੰਦਰ ਲਈ ਸ਼ੁੱਕਰਵਾਰ ਰਾਤ ਬਹੁਤ ਹੀ ਸੁਖਾਲੀ ਨੀਂਦ ਵਾਲੀ ਰਾਤ ਸੀ। ਉਸ ਦੀ ਸੱਚੀ ਲਗਨ ਅਤੇ ਕੋਸ਼ਿਸ਼ਾਂ ਕਰਕੇ ਹੀ ਤਾਮਿਲਨਾਡੂ ਦੀ ਰਹਿਣ ਵਾਲੀ ਬਜ਼ੁਰਗ ਮਾਂ ਸੁੰਦਰੀ ਨੂੰ 23 ਸਾਲਾਂ ਬਾਅਦ ਆਪਣਾ ਪੁੱਤਰ ਪ੍ਰਕਾਸ਼ (ਅਸਲ ਨਾਂਅ ਪ੍ਰਕਾਸ਼ਮ) ਵਾਪਸ ਮਿਲ ਸਕਿਆ।
ਮਾਂ ਤਾਂ ਆਪਣੇ ਗੁਆਚੇ ਪੁੱਤਰ ਨੂੰ ਮਰ ਚੁੱਕਾ ਮੰਨ ਚੁੱਕੀ ਸੀ, ਪਰ ਸ਼ਨੀਵਾਰ ਜਦੋਂ ਪੁੱਤਰ ਅੱਖਾਂ ਸਾਹਮਣੇ ਆਇਆ ਤਾਂ ਦੋਵਾਂ ਦੇ ਹੰਝੂ ਨਾ ਰੁਕੇ। ਸੁਭਾਸ਼ ਚੰਦਰ ਨੇ ਦੱਸਿਆ, ”ਮੈਂ ਪ੍ਰਕਾਸ਼ ਨੂੰ ਪਹਿਲੀ ਵਾਰ ਮਈ 2023 ਵਿੱਚ ਮਿਲਿਆ ਸੀ। ਉਸ ਦੀ ਮਾਨਸਿਕ ਹਾਲਤ ਬਹੁਤ ਖ਼ਰਾਬ ਸੀ, ਉਹ ਗੱਲਬਾਤ ਕਰਨ ਦੀ ਹਾਲਤ ਵਿੱਚ ਨਹੀਂ ਸੀ। ਪਹਿਲੇ ਚਾਰ ਮਹੀਨੇ ਬਹੁਤ ਮੁਸ਼ਕਲ ਬੀਤੇ, ਪਰ ‘ਆਪਣਾ ਫ਼ਰਜ਼ ਸੇਵਾ ਸੁਸਾਇਟੀ’ ਦੇ ਸੇਵਾਦਾਰਾਂ ਨੇ ਬਹੁਤ ਧੀਰਜ ਤੋਂ ਕੰਮ ਲਿਆ।” ਉਨ੍ਹਾ ਦੱਸਿਆ ਕਿ ਪ੍ਰਕਾਸ਼ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਪਿੰਡ ਜਸਰਾਊਰ ਵਿੱਚ ਇੱਕ ਡੇਅਰੀ ਫ਼ਾਰਮ ‘ਤੇ 18 ਸਾਲਾਂ ਤੋਂ ਵੱਧ ਸਮੇਂ ਤੱਕ ਗੁਲਾਮ (ਬੰਧੂਆ ਮਜ਼ਦੂਰ) ਬਣਾ ਕੇ ਰੱਖਿਆ ਗਿਆ ਸੀ। ਉਸ ਨੂੰ ਪਸ਼ੂਆਂ ਦੇ ਨਾਲ ਹੀ ਰੋਟੀ ਦਿੱਤੀ ਜਾਂਦੀ ਸੀ ਅਤੇ ਰਾਤ ਨੂੰ ਬਿਨਾਂ ਕਿਸੇ ਬਿਸਤਰੇ ਦੇ ਲੋਹੇ ਦੇ ਮੰਜੇ ਨਾਲ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਸੁਸਾਇਟੀ ਦੇ ਮੁੱਖ ਸੇਵਾਦਾਰ ਪਾਲ ਸਿੰਘ ਖਰੌੜ ਨੇ ਸਾਲ 2022 ਵਿੱਚ ਪ੍ਰਕਾਸ਼ ਨੂੰ ਅਜਨਾਲਾ ਤੋਂ ਰਹਿਮੋ-ਕਰਮ ਵਾਲੀ ਹਾਲਤ ਵਿੱਚੋਂ ਛੁਡਵਾਇਆ ਅਤੇ ਪਟਿਆਲਾ ਦੇ ਪਿੰਡ ਲਚਕਾਣੀ ਸਥਿਤ ਆਪਣੇ ਸ਼ੈਲਟਰ ਹੋਮ ਲਿਆਂਦਾ। ਅਮਾਨਵੀ ਤਸ਼ੱਦਦ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਪ੍ਰਕਾਸ਼ ਦਾ ਲੰਮਾ ਇਲਾਜ ਕਰਵਾਇਆ ਗਿਆ। 1 ਜੁਲਾਈ ਨੂੰ ਉਸ ਦੀ ਮਾਂ ਸੁੰਦਰੀ ਨੂੰ ਲੱਭ ਲਿਆ ਗਿਆ। ਇਸ ਤੋਂ ਬਾਅਦ ਕੋਇੰਬਟੂਰ ਦੇ ਜ਼ਿਲ੍ਹਾ ਕੁਲੈਕਟਰ ਪਵਨ ਕੁਮਾਰ ਜੀ. ਕਿਰੀਅੱਪਨਵਰ ਦੇ ਸਹਿਯੋਗ ਨਾਲ ਕਾਨੂੰਨੀ ਕਾਗਜ਼ਾਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਭੇਜੇ ਗਏ ਅਤੇ ਪ੍ਰਕਾਸ਼ ਦੀ ਵਾਪਸੀ ਸੰਭਵ ਹੋ ਸਕੀ। ਹੁਣ ਪ੍ਰਕਾਸ਼ ਤਾਮਿਲਨਾਡੂ ਦੇ ਵਿਰਧੁਨਗਰ ਜ਼ਿਲ੍ਹੇ ਦੇ ਪਿੰਡ ਪੂਮਲਾਈਪੱਟੀ ਅਨਾਈਕੁਲਮ ਵਿੱਚ ਆਪਣੀ ਮਾਂ ਕੋਲ ਪਹੁੰਚ ਚੁੱਕਾ ਹੈ। ਮਾਂ ਸੁੰਦਰੀ ਨੇ ਦੱਸਿਆ ਕਿ 2003 ਵਿੱਚ ਇੱਕ ਮਾਮੂਲੀ ਅਣਬਣ ਤੋਂ ਬਾਅਦ ਪ੍ਰਕਾਸ਼ ਘਰੋਂ ਚਲਾ ਗਿਆ ਸੀ। ਕੁਝ ਮਹੀਨਿਆਂ ਬਾਅਦ ਉਸ ਨੇ ਚੇਨਈ ਤੋਂ ਫ਼ੋਨ ਕੀਤਾ ਸੀ, ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਨ੍ਹਾ ਉਸ ਨੂੰ ਮ੍ਰਿਤਕ ਸਮਝ ਲਿਆ।