ਟੁੱਟੀ ਕੁਆਲਿਸ ਵਾਲੇ ਮਜੀਠੀਆ ਨੇ ਵਪਾਰਕ ਸਾਮਰਾਜ ਕਿਵੇਂ ਖੜ੍ਹਾ ਕੀਤਾ : ਬਲਤੇਜ ਪੰਨੂ

0
7

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾ ਦੇ ਪਰਵਾਰ ਨੂੰ ਬਦਨਾਮ ਕਰਨ ਲਈ ਸਿਆਸਤ ਤੋਂ ਪ੍ਰੇਰਿਤ ਮੁਹਿੰਮ ਚਲਾ ਰਹੇ ਹਨ, ਜਦੋਂ ਕਿ ਉਹ ਆਪਣੇ ਸਿਆਸੀ ਅਤੇ ਨਿੱਜੀ ਸੰਬੰਧਾਂ ਨੂੰ ਜਾਣਬੁੱਝ ਕੇ ਛੁਪਾ ਰਹੇ ਹਨ।
ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾ ਦੇ ਪਰਵਾਰ ਖ਼ਿਲਾਫ਼ ਲਗਾਏ ਜਾ ਰਹੇ ਦੋਸ਼ ਅਣਪ੍ਰਮਾਣਿਤ ਸਮੱਗਰੀ ‘ਤੇ ਆਧਾਰਿਤ ਹਨ ਅਤੇ ਨਾ ਤਾਂ ਕਥਿਤ ਆਡੀਓ ਰਿਕਾਰਡਿੰਗਾਂ ਅਤੇ ਨਾ ਹੀ ਉਨ੍ਹਾਂ ਨਾਲ ਜੁੜੇ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਹੋਈ ਹੈ।ਵਿਵਾਦ ਦੇ ਕੇਂਦਰ ‘ਚ ਮੌਜੂਦ ਵਿਅਕਤੀਆਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਦਾਅਵਾ ਕਰਨ ਵਾਲੇ ਆਗੂ ਆਪਣੇ ਸੰਬੰਧਾਂ ਬਾਰੇ ਪਹਿਲਾਂ ਜਵਾਬ ਦੇਣ ਦੀ ਬਜਾਏ ਹੁਣ ਰਾਜਪਾਲ ਕੋਲ ਕਿਉਂ ਪਹੁੰਚ ਰਹੇ ਹਨ।ਜੇਕਰ ਤੁਸੀਂ ਇਹਨਾਂ ਲੋਕਾਂ ਨੂੰ ਏਨੀ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਰਾਜਪਾਲ ਕੋਲ ਜਾਣ ਦਾ ਇਹ ਸਾਰਾ ਡਰਾਮਾ ਕਿਉਂ? ਆਪਣੇ ਸੰਬੰਧਾਂ ਬਾਰੇ ਸਵਾਲਾਂ ਦੇ ਜਵਾਬ ਪਹਿਲਾਂ ਕਿਉਂ ਨਹੀਂ ਦਿੰਦੇ?
ਪੰਨੂ ਨੇ ਮੀਡੀਆ ਸਾਹਮਣੇ ਤਸਵੀਰਾਂ ਦੀ ਲੜੀ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਉਹਨਾਂ ਲੋਕਾਂ ਦੇ ਸਿਆਸੀ ਸੰਬੰਧਾਂ ਨੂੰ ਨੰਗਾ ਕਰ ਦਿੱਤਾ ਹੈ, ਜਿਨ੍ਹਾਂ ਦੇ ਨਾਂਅ ਮੌਜੂਦਾ ਵਿਵਾਦ ਵਿੱਚ ਵਰਤੇ ਜਾ ਰਹੇ ਹਨ।ਉਨ੍ਹਾ ਅਮਰਦੀਪ ਗਰੇਵਾਲ ਦੀਆਂ ਜੇ ਪੀ ਨੱਡਾ, ਮਨਜਿੰਦਰ ਸਿੰਘ ਸਿਰਸਾ ਅਤੇ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਆਗੂਆਂ ਨਾਲ ਤਸਵੀਰਾਂ ਦਿਖਾਈਆਂ ਅਤੇ ਸੀਨੀਅਰ ਭਾਜਪਾ ਆਗੂਆਂ ਨਾਲ ਉਸ ਵਿਅਕਤੀ ਦੀ ਸਿਆਸੀ ਨੇੜਤਾ ‘ਤੇ ਸਵਾਲ ਚੁੱਕੇ।
ਪੰਨੂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਗੁਰੀ ਚਾਹਲ ਦੀਆਂ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ ਦੀਆਂ ਕਈ ਤਸਵੀਰਾਂ ਵੀ ਦਿਖਾਈਆਂ।ਉਨ੍ਹਾ ਹੁੰਦਲ ਦੀਆਂ ਅਕਾਲੀ ਆਗੂਆਂ ਨਾਲ ਤਸਵੀਰਾਂ ਦਾ ਹਵਾਲਾ ਦਿੰਦਿਆਂ ਤਰਕ ਦਿੱਤਾ ਕਿ ਇਹ ਕਿਸੇ ਅਣਜਾਣ ਸਿਆਸੀ ਲੋਕਾਂ ਦੀਆਂ ਤਸਵੀਰਾਂ ਨਹੀਂ ਹਨ, ਸਗੋਂ ਅਜਿਹੇ ਲੋਕਾਂ ਦੀਆਂ ਹਨ, ਜੋ ਅਕਾਲੀ ਲੀਡਰਸ਼ਿਪ ਦੇ ਨੇੜੇ ਰਹੇ ਹਨ। ਇਹ ਤਸਵੀਰਾਂ ਮਹੱਤਵਪੂਰਨ ਹਨ, ਕਿਉਂਕਿ ਉਸੇ ਹੀ ਸਿਆਸੀ ਢਾਂਚੇ ਨੂੰ ਹੁਣ ਮਾਨ ਪਰਵਾਰ ਖਿਲਾਫ ਦੋਸ਼ਾਂ ਦੇ ਸਰੋਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰਾਂ ਦੇਖਣੀਆਂ ਚਾਹੀਦੀਆਂ ਹਨ ਅਤੇ ਆਪ ਤੈਅ ਕਰਨਾ ਚਾਹੀਦਾ ਹੈ ਕਿ ਕੌਣ ਕਿਸ ਨਾਲ ਸਿਆਸੀ ਤੌਰ ‘ਤੇ ਜੁੜਿਆ ਹੋਇਆ ਹੈ।
ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸੱਤਾ ਅਤੇ ਪਿੰਡੀ ਨਾਲ ਸਬੰਧਾਂ ‘ਤੇ ਸਿੱਧੇ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਇਹਨਾਂ ਵਿਅਕਤੀਆਂ ਦੇ ਉਹਨਾਂ ਅਤੇ ਅਕਾਲੀ ਲੀਡਰਸ਼ਿਪ ਨਾਲ ਕੀ ਰਿਸ਼ਤੇ ਸਨ ਅਤੇ ਕਿਸ ਹੈਸੀਅਤ ਨਾਲ ਉਹਨਾਂ ਦੀ ਉਹਨਾਂ ਦੇ ਘਰਾਂ ਅਤੇ ਸਿਆਸੀ ਹਲਕਿਆਂ ਤੱਕ ਪਹੁੰਚ ਸੀ।ਉਨ੍ਹਾ ਕਿਹਾ, ‘ਇਨ੍ਹਾਂ ਵਿਅਕਤੀਆਂ ਦੇ ਤੁਹਾਡੇ ਅਤੇ ਅਕਾਲੀ ਲੀਡਰਸ਼ਿਪ ਨਾਲ ਕੀ ਸਬੰਧ ਸਨ? ਤੁਹਾਡੇ ਘਰਾਂ ਅਤੇ ਸਿਆਸੀ ਹਲਕਿਆਂ ਤੱਕ ਉਹਨਾਂ ਦੀ ਕਿਸ ਹੈਸੀਅਤ ਵਿੱਚ ਪਹੁੰਚ ਸੀ? ਦੂਜਿਆਂ ‘ਤੇ ਉਂਗਲ ਉਠਾਉਣ ਦੀ ਬਜਾਏ ਤੁਹਾਨੂੰ ਪਹਿਲਾਂ ਆਪਣੇ ਇਨ੍ਹਾਂ ਸੰਬੰਧਾਂ ਬਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।’ ਮਜੀਠੀਆ ਦੀ ਦੌਲਤ ਵਿੱਚ ਹੋਏ ਵੱਡੇ ਵਾਧੇ ‘ਤੇ ਸਵਾਲ ਚੁੱਕਦਿਆਂ ਪੰਨੂ ਨੇ ਕਿਹਾ, ‘ਜਦੋਂ ਤੁਸੀਂ ਪੰਜਾਬ ਆਏ ਸੀ ਤਾਂ ਤੁਹਾਡੇ ਕੋਲ ਇੱਕ ਟੁੱਟੀ ਹੋਈ ਕੁਆਲਿਸ ਸੀ। ਕੁਝ ਹੀ ਸਾਲਾਂ ਵਿੱਚ ਤੁਸੀਂ ਏਨੇ ਅਮੀਰ ਕਿਵੇਂ ਹੋ ਗਏ? ਤੁਹਾਡਾ ਕਾਰੋਬਾਰੀ ਸਾਮਰਾਜ ਏਨੀ ਤੇਜ਼ੀ ਨਾਲ ਕਿਵੇਂ ਫੈਲਿਆ? ਇਹ ਪੈਸਾ ਕਿੱਥੋਂ ਆਇਆ? ‘ ਉਨ੍ਹਾ ਕਿਹਾ ਕਿ ਅਕਾਲੀ ਲੀਡਰਸ਼ਿਪ ਦੂਜਿਆਂ ‘ਤੇ ਉਂਗਲ ਉਠਾ ਕੇ ਆਪਣੇ ਸਿਆਸੀ ਸਬੰਧਾਂ ਬਾਰੇ ਸਵਾਲਾਂ ਤੋਂ ਨਹੀਂ ਭੱਜ ਸਕਦੀ।ਪੰਨੂ ਨੇ ਕਿਹਾ, ‘ਪੰਜਾਬ ਦੇ ਲੋਕ 2007 ਤੋਂ 2017 ਤੱਕ ਦੇ ਜੰਗਲ ਰਾਜ ਨੂੰ ਨਹੀਂ ਭੁੱਲੇ ਹਨ। ਜਦੋਂ ਉਸ ਸਮੇਂ ਦੇ ਸੱਤਾਧਾਰੀਆਂ ‘ਤੇ ਸਵਾਲ ਚੁੱਕੇ ਗਏ ਸਨ ਤਾਂ ਅਕਾਲੀ ਲੀਡਰਸ਼ਿਪ ਨੇ ਉਸ ਤਤਪਰਤਾ ਨਾਲ ਜਵਾਬ ਨਹੀਂ ਦਿੱਤਾ ਸੀ ਜਿਸ ਦੀ ਉਹ ਅੱਜ ਦੂਜਿਆਂ ਤੋਂ ਮੰਗ ਕਰ ਰਹੀ ਹੈ।’ ਬਲਤੇਜ ਪੰਨੂ ਨੇ ਨਸ਼ਿਆਂ ਦੇ ਮੁੱਦੇ ‘ਤੇ ਵੀ ਪਿਛਲੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੀ ਅਕਾਲੀ ਆਗੂਆਂ ਨਾਲ ਸਿਆਸੀ ਨੇੜਤਾ ਸੀ।ਉਨ੍ਹਾਂ ਕਿਹਾ, ‘ਜਿਹੜੇ ਲੋਕ ਨਸ਼ਿਆਂ ਦੇ ਕੋਹੜ ਨੂੰ ਉਸ ਪੱਧਰ ‘ਤੇ ਲੈ ਗਏ, ਜਿੱਥੇ ਪੂਰੀ ਪੀੜ੍ਹੀ ਬਰਬਾਦ ਹੋ ਗਈ, ਉਹ ਅੱਜ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਵਾਲ ਪੁੱਛ ਰਹੇ ਹਨ।’ ਪੰਨੂ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਬਦਲਾਅ ਦਾ ਕੋਈ ਜਵਾਬ ਨਹੀਂ ਹੈ, ਇਸ ਲਈ ਉਹ ਸਿਆਸੀ ਬਹਿਸ ਨੂੰ ਨਿੱਜੀ ਹਮਲਿਆਂ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ।ਉਹਨਾ ਕਿਹਾ ਕਿ ਵਿਰੋਧੀ ਧਿਰ ਮੁੱਖ ਮੰਤਰੀ ਅਤੇ ਉਨ੍ਹਾ ਦੇ ਪਰਵਾਰ ਨੂੰ ਵਾਰ-ਵਾਰ ਨਿਸ਼ਾਨਾ ਬਣਾ ਕੇ ਆਪਣਾ ਰਿਕਾਰਡ ਨਹੀਂ ਮਿਟਾ ਸਕਦੀ। ਪੰਜਾਬ ਦੇ ਲੋਕ ਜਾਣਦੇ ਹਨ ਕਿ ਇਹ ਲੋਕ ਕੌਣ ਹਨ, ਉਹ ਦੇਖ ਸਕਦੇ ਹਨ ਕਿ ਇਹ ਕਿਸ ਦੇ ਨਾਲ ਖੜ੍ਹੇ ਹਨ ਅਤੇ ਉਹ ਇਹ ਵੀ ਦੇਖ ਸਕਦੇ ਹਨ ਕਿ ਕੌਣ ਪੰਜਾਬ ਲਈ ਕੰਮ ਕਰ ਰਹਾ ਹੈ। ਕੋਈ ਵੀ ਚਰਿੱਤਰ ਹੱਤਿਆ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਛੁਪਾ ਨਹੀਂ ਸਕਦੀ।