ਹੁੰਦਲ ਨੇ ਮਜੀਠੀਆ ਦਾ ਦਾਅਵਾ ਝੁਠਲਾਇਆ

0
11

ਚੰਡੀਗੜ੍ਹ (ਨ ਜ਼ ਸ)
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਜਬਰ-ਜ਼ਨਾਹ ਦੇ ਮੁਲਜ਼ਮ ਦੀ ਰਿਹਾਈ ਲਈ ਕਥਿਤ ਸੌਦੇਬਾਜ਼ੀ ਦੀਆਂ ਵਟਸਐਪ ਕਲਿੱਪਾਂ ਜਾਰੀ ਕਰਨ ਤੋਂ ਇੱਕ ਦਿਨ ਬਾਅਦ ਵਿਵਾਦ ਵਿੱਚ ਘਿਰੇ ਸਿਮਰਨਜੀਤ ਸਿੰਘ ਹੁੰਦਲ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਇਨ੍ਹਾਂ ਦਾਅਵਿਆਂ ਨੂੰ ਸਿਰਫ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਹੁੰਦਲ ਮੁਹਾਲੀ ਦਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਪ੍ਰਾਪਰਟੀ ਡੀਲਰ ਹੈ। ਮਜੀਠੀਆ ਮੁਤਾਬਕ ਹੁੰਦਲ ਕਥਿਤ ਤੌਰ ‘ਤੇ ਬਲਾਤਕਾਰ ਦੇ ਕੇਸ ਨੂੰ ਰਫਾ-ਦਫਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਦੇ ਇੱਕ ਕਥਿਤ ਰਿਸ਼ਤੇਦਾਰ ਨਾਲ ਸੌਦੇਬਾਜ਼ੀ ਕਰ ਰਿਹਾ ਸੀ। ਹੁੰਦਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਾ ਤਾਂ ਕਦੇ ਮੁੱਖ ਮੰਤਰੀ ਦੀ ਪਤਨੀ ਨਾਲ ਮੁਲਾਕਾਤ ਕੀਤੀ ਹੈ ਅਤੇ ਨਾ ਹੀ ਕਿਸੇ ਕੇਸ ਦੇ ਸਿਲਸਿਲੇ ਵਿੱਚ ਕਦੇ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ।
ਇਸ ਕਥਿਤ ਵਟਸਐਪ ਗੱਲਬਾਤ ਨੇ ਸੂਬੇ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ, ਜਿਸ ਵਿੱਚ ਵਿਰੋਧੀ ਪਾਰਟੀਆਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਹੁੰਦਲ ਨੇ ਕਿਹਾ ਕਿ ਸਿਆਸਤਦਾਨ ਘਟੀਆ ਰਾਜਨੀਤੀ ਕਰਨ ਲਈ ਆਜ਼ਾਦ ਹਨ, ਪਰ ਉਨ੍ਹਾ ਨੂੰ ਇਸ ਵਿਵਾਦ ਵਿੱਚ ਉਸ ਦਾ ਨਾਂਅ ਘੜੀਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਉਹ ਕਾਨੂੰਨੀ ਸਹਾਰਾ ਲਵੇਗਾ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਜਬਰ-ਜ਼ਨਾਹ ਦੇ ਕੇਸ ਨੂੰ ਦਬਾਉਣ ਲਈ ਕਥਿਤ 5 ਕਰੋੜ ਰੁਪਏ ਦੀ ਮੰਗ ਨਾਲ ਸੰਬੰਧਤ ਸ਼ਿਕਾਇਤ ‘ਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਵਿਵਾਦ ਵਿੱਚ ਦਖਲ ਦਿੱਤਾ ਹੈ। ਸੋਮਵਾਰ ਮਜੀਠੀਆ ਨੇ ਕਥਿਤ ਕਲਿੱਪਾਂ ਨੂੰ ਸਾਂਝਾ ਕਰਦੇ ਹੋਏ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਦਾਅਵਾ ਕੀਤਾ ਕਿ ਇੱਕ ਵਿਚੋਲੇ ਨਾਲ ਗੱਲਬਾਤ ਵਿੱਚ ਸੁਣਿਆ ਗਿਆ ਵਿਅਕਤੀ ਹੁੰਦਲ ਸੀ ਅਤੇ ਵਿਚੋਲਾ, ਜਿਸ ਨੇ ਕਥਿਤ ਤੌਰ ‘ਤੇ ਬਲਾਤਕਾਰ ਦੇ ਕੇਸ ਅਤੇ ਹੋਰ ਪੁਲਸ ਸ਼ਿਕਾਇਤਾਂ ਨਾਲ ਜੁੜੇ ਮਾਮਲੇ ਨੂੰ ਨਜਿੱਠਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਮੁੱਖ ਮੰਤਰੀ ਦੀ ਪਤਨੀ ਨਾਲ ਸੰਬੰਧਤ ਸੀ। ‘ਆਪ’ ਨੇ ਇਨ੍ਹਾਂ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ।
‘ਆਪ’ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਘਟੀਆ ਰਾਜਨੀਤੀ ਤੱਕ ਡਿੱਗ ਰਿਹਾ ਹੈ ਅਤੇ ਫਰਜ਼ੀ ਕਹਾਣੀਆਂ ਘੜ ਰਿਹਾ ਹੈ। ਉਨ੍ਹਾ ਦੋਸ਼ਾਂ ਨੂੰ ਸਾਬਤ ਕਰਨ ਲਈ ਸਬੂਤਾਂ ਦੀ ਮੰਗ ਕੀਤੀ।