ਭਾਜਪਾ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਨ ਦੀ ਸ਼ਰਤ ‘ਤੇ ਅਕਾਲੀ ਦਲ ਨਾਲ ਸਮਝੌਤਾ ਕਰਨ ਜਾ ਰਹੀ : ਮਾਨ

0
3

ਸੰਗਰੂਰ (ਪ੍ਰਵੀਨ ਸਿੰਘ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਭਾਜਪਾ-ਅਕਾਲੀ ਦਲ ਗਠਜੋੜ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਸ਼ਰਤ ‘ਤੇ ਅਕਾਲੀ ਦਲ ਨਾਲ ਸਮਝੌਤਾ ਕਰਨ ਦੀ ਤਿਆਰੀ ਕਰ ਰਹੀ ਹੈ, ਜਦਕਿ ਇਨ੍ਹਾਂ ਕਾਨੂੰਨਾਂ ਵਿਰੁੱਧ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ 750 ਕਿਸਾਨਾਂ ਦੀਆਂ ਜਾਨਾਂ ਗਈਆਂ ਸਨ। ਉਨ੍ਹਾ ਕਿਹਾ ਕਿ ਅਕਾਲੀ ਦਲ ਸਿਆਸੀ ਕੁਰਸੀ ਲਈ ‘ਪੰਜਾਬ ਵਿੱਚ ਕੁਝ ਵੀ ਵੇਚਣ’ ਲਈ ਤਿਆਰ ਹੈ, ਜਦਕਿ ਪੰਜਾਬੀ ਆਪਣੇ ਸ਼ਹੀਦ ਕਿਸਾਨਾਂ ਦੀਆਂ ਦੇਹਾਂ ਉਤੋਂ ਲੰਘ ਕੇ ਭਾਜਪਾ ਨੂੰ ਕਦੇ ਵੋਟ ਨਹੀਂ ਪਾਉਣਗੇ।
ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਵੋਟਾਂ ਹਾਸਲ ਕਰਨ ਲਈ ਫਿਰਕੂ ਏਜੰਡਾ ਵਰਤ ਰਹੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਇਸ ਦੀ ਜਿੱਤ, ਜੋ ਅਕਾਲੀ ਦਲ ਦੇ ਸਮਰਥਨ ਨਾਲ ਹੋਈ ਹੈ, ਨੇ ਦੋਵਾਂ ਪਾਰਟੀਆਂ ਵਿਚਕਾਰ ਗੰਢਤੁੱਪ ਨੂੰ ਨੰਗਾ ਕਰ ਦਿੱਤਾ ਹੈ। ‘ਲੋਕ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਲੋਕਾਂ ਨੂੰ ਤਾੜਨਾ ਕੀਤੀ ਕਿ ਜੇ ਅਕਾਲੀ-ਭਾਜਪਾ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਕਿਸਾਨਾਂ ‘ਤੇ ਦੁਬਾਰਾ ਕਾਲੇ ਖੇਤੀ ਕਾਨੂੰਨ ਥੋਪ ਸਕਦਾ ਹੈ।ਉਨ੍ਹਾ ਕਿਹਾ ਕਿ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਭਾਜਪਾ ਨਾਲ ਗਠਜੋੜ ਕਰਨ ਲਈ ਪੱਬਾਂ-ਭਾਰ ਹੈ।’ਲੋਕ ਮਿਲਣੀ’ ਵਿੱਚ ਲੋਕਾਂ ਦੀ ਭਾਰੀ ਹਾਜ਼ਰੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬੀ 2027 ਵਿੱਚ ਇੱਕ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ। ਉਨ੍ਹਾ ਕਿਹਾ, ‘ਸੁਖਬੀਰ ਸਿੰਘ ਬਾਦਲ ਕਾਨਵੈਂਟ ਦੇ ਪੜ੍ਹੇ ਨੇਤਾ ਹਨ, ਜੋ ਪੰਜਾਬ ਦੀ ਭੂਗੋਲਿਕ ਸਥਿਤੀ ਬਾਰੇ ਵੀ ਨਹੀਂ ਜਾਣਦੇ, ਪਰ ਸੂਬੇ ‘ਤੇ ਰਾਜ ਕਰਨਾ ਚਾਹੁੰਦੇ ਹਨ। ਬਾਕੀ ਸਭ ਕੁਝ ਛੱਡੋ, ਉਹ ਪੰਜਾਬ ਦੀਆਂ ਬੁਨਿਆਦੀ ਫਸਲਾਂ ਵਿੱਚ ਵੀ ਫਰਕ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੀ ਬਹੁਤ ਘੱਟ ਸਮਝ ਹੈ।’ ਮਾਨ ਨੇ ਕਿਹਾ ਕਿ ਜਿੱਥੇ ਕਾਂਗਰਸੀ ਲੀਡਰ ਸਿਆਸੀ ਤਾਕਤ ਲਈ ਆਪਸ ‘ਚ ਲੜ ਰਹੇ ਹਨ, ਉੱਥੇ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ।