ਬੰਤ ਸਿੰਘ ਬਰਾੜ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਚੁਣੇ ਗਏ

0
5

ਚੰਡੀਗੜ੍ਹ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸੂਬਾ ਕਮਿਊਨਿਸਟ ਪਾਰਟੀ ਨੂੰ ਇੱਕ ਵਾਰ ਫਿਰ ਮਾਣ-ਸਤਿਕਾਰ ਦਿੱਤਾ ਹੈ। ਇੱਕ ਤਰ੍ਹਾਂ ਨਾਲ ਸੂਬਾ ਆਗੂਆਂ ਨੂੰ ਵਧੇਰੇ ਸਰਗਰਮ ਤੇ ਸੰਜੀਦਾ ਹੋਣ ਲਈ ਉਤਸ਼ਾਹਤ ਕੀਤਾ ਗਿਆ ਹੈ।ਦਿੱਲੀ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਬੰਤ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਕੌਮੀ ਸਕੱਤਰ ਚੁਣਿਆ ਗਿਆ ਹੈ।ਸੂਬਾ ਪਾਰਟੀ ਨੂੰ ਦੂਸਰੀ ਵਾਰ ਇਹ ਮਾਣ ਪ੍ਰਾਪਤ ਹੋਇਆ ਹੈ। ਅਵਤਾਰ ਸਿੰਘ ਮਲਹੋਤਰਾ ਤੋਂ ਬਾਅਦ ਸਿਰਫ ਬੰਤ ਸਿੰਘ ਬਰਾੜ ਨੂੰ ਕੌਮੀ ਸਕੱਤਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਕਾਮਰੇਡ ਬਰਾੜ ਵਿਦਿਆਰਥੀ ਜੀਵਨ ਤੋਂ ਹੀ ਕਮਿਊਨਿਸਟ ਲਹਿਰ ਵਿੱਚ ਸਰਗਰਮ ਹਨ।ਭਾਵੇਂ ਰੀਗਲ ਸਿਨੇਮਾ ਮੋਗਾ ਵਿੱਚ ਵਾਪਰੇ ਗੋਲੀਕਾਂਡ ਤੋਂ ਬਾਅਦ ਇਸ ਨੂੰ ਸ਼ਹੀਦੀ ਯਾਦਗਾਰ ਬਣਾਉਣ ਲਈ ਸੰਘਰਸ਼ ਹੋਵੇ ਜਾਂ ਵਿਦਿਆਰਥੀ ਹਿੱਤਾਂ ਲਈ ਕੋਈ ਹੋਰ, ਬੰਤ ਬਰਾੜ ਨੇ ਅੱਗੇ ਹੋ ਕੇ ਅਗਵਾਈ ਕੀਤੀ।ਉਨ੍ਹਾ ਦੀ ਸਰਗਰਮ ਤੇ ਨਿਧੜਕ ਭੂਮਿਕਾ ਨੂੰ ਦੇਖਦਿਆਂ ਬਹੁਤ ਸਾਰੇ ਸਾਥੀ ਕਾਮਰੇਡ ਬੰਤ ਬਰਾੜ ਨੂੰ ‘ਬੰਤੋਵ’ ਆਖ ਕੇ ਰੂਸ ਦੇ ਸਰਗਰਮ ਸਾਥੀਆਂ ਨਾਲ ਜੋੜਿਆ ਕਰਦੇ ਸਨ। ਬੰਤ ਸਿੰਘ ਬਰਾੜ ਨੇ ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ।ਉਹਨਾ ਦੇ ਸਕੱਤਰ ਹੁੰਦਿਆਂ ਹੀ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਵਿੱਚ ਸਫਲਤਾਪੂਰਨ ਨੇਪੜੇ ਚੜ੍ਹੀ।2025 ਵਿੱਚ ਹੋਈ ਪਾਰਟੀ ਕਾਂਗਰਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਹੋਰ ਪਾਰਟੀ ਆਗੂਆਂ ਦੇ ਨਾਲ ਕਾਮਰੇਡ ਬਰਾੜ ਨੂੰ ਜਾਂਦਾ ਹੈ। ਦਿੱਲੀ ਵਿਖੇ ਹੋਈ ਦੋ ਦਿਨਾ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਕੌਮੀ ਕੌਂਸਲ ਦੇ ਮੈਂਬਰ ਚੁਣੇ ਗਏ। ਪੰਜਾਬ ਪਾਰਟੀ ਲਈ ਇੱਕ ਸੀਟ ਖਾਲੀ ਰੱਖੀ ਗਈ ਹੈ। ਦੱਸਣਯੋਗ ਹੈ ਕਿ ਹਰਦੇਵ ਸਿੰਘ ਅਰਸ਼ੀ ਪਹਿਲਾਂ ਹੀ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਚੁਣ ਲਏ ਗਏ ਸਨ।ਇਸੇ ਤਰ੍ਹਾਂ ਗੁਲਜ਼ਾਰ ਸਿੰਘ ਗੋਰੀਆ ਕੌਮੀ ਕਾਰਜਕਰਨੀ ਮੈਂਬਰ ਤੇ ਸੁਖਜਿੰਦਰ ਮਹੇਸਰੀ ਪਾਰਟੀ ਸੈਂਟਰ ਤੋਂ ਪਹਿਲਾਂ ਹੀ ਚੁਣੇ ਗਏ ਸਨ।