ਚੰਡੀਗੜ੍ਹ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ/ ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਅਜਮੇਰ ਸਿੰਘ ਸਮਰਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਤੇ ਸਾਂਝੇ ਮਜ਼ਦੂਰ ਮੋਰਚੇ ਦੇ ਮੋਹਰੀ ਆਗੂਆਂ ‘ਚ ਸ਼ੁਮਾਰ ਗੁਰਨਾਮ ਸਿੰਘ ਦਾਊਦ ਦਾ ਅੱਗੜ-ਪਿੱਛੜ ਤੁਰ ਜਾਣਾ ਦੱਬੇ-ਕੁਚਲੇ ਲੋਕਾਂ, ਕਿਰਤੀ ਵਰਗ ਤੇ ਸਮੁੱਚੀ ਖੱਬੀ ਲਹਿਰ ਲਈ ਵੱਡਾ ਘਾਟਾ ਹੈ। ਦੋਵੇਂ ਆਗੂ ਸਾਰੀ ਉਮਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਲੋਟੂ ਨਿਜ਼ਾਮ ਨੂੰ ਖਤਮ ਕਰਨ ਲਈ ਜੂਝਦੇ ਰਹੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪਾਰਟੀ ਦੇ ਕੇਂਦਰੀ ਕੰਟਰੋਲ ਬੋਰਡ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਾਂਝੇ ਬਿਆਨ ਰਾਹੀਂ ਕੀਤਾ। ਉਹਨਾਂ ਕਿਹਾ ਕਿ ਅਜਿਹੇ ਸਮੇਂ, ਜਦੋਂ ਪਿਛਾਖੜੀ ਤੇ ਲੋਕ ਵਿਰੋਧੀ ਤਾਕਤਾਂ ਨੂੰ ਪਛਾੜਨ ਲਈ ਖੱਬੀਆਂ ਧਿਰਾਂ ਦੇ ਸਾਂਝੇ ਤੇ ਬੱਝਵੇਂ ਸੰਘਰਸ਼ ਦੀ ਲੋੜ ਹੋਵੇ, ਦੋ ਸੁਹਿਰਦ ਤੇ ਸਿਰੜੀ ਆਗੂਆਂ ਦਾ ਵਿਛੋੜਾ ਵਧੇਰੇ ਤਕਲੀਫਦੇਹ ਹੈ। ਦੋਵਾਂ ਆਗੂਆਂ ਨੇ ਚੰਗੇਰੇ ਰਾਜ ਪ੍ਰਬੰਧ ਦੀ ਸਿਰਜਣਾ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਸਾਰੀ ਉਮਰ ਸੰਘਰਸ਼ ਦਾ ਪਿੜ ਮੱਲੀ ਰੱਖਿਆ।ਕਾਮਰੇਡ ਸਮਰਾ ਜਿੱਥੇ ਖੱਬੀਆਂ ਧਿਰਾਂ ਦਾ ਮੱਕਾ ਸਮਝੇ ਜਾਂਦੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਕਮੇਟੀ ਦੇ ਦੋ ਵਾਰ ਪ੍ਰਧਾਨ ਵਜੋਂ ਇੱਥੇ ਹੁੰਦੀ ਹਰ ਸਰਗਰਮੀ ਦਾ ਹਿੱਸਾ ਬਣਦੇ ਰਹੇ, ਉਥੇ ਕਾਮਰੇਡ ਦਾਊਦ ਹਰ ਸਾਲ ਹੁੰਦੇ ਗ਼ਦਰੀ ਬਾਬਿਆਂ ਦੇ ਮੇਲੇ ਨੂੰ ਸਫਲ ਬਣਾਉਣ ਲਈ ਤਾਣ ਲਾਉਣ ਲਈ ਕੋਈ ਕਸਰ ਨਾ ਛੱਡਦੇ।ਉਹਨਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਤੇ ਦਿਹਾਤੀ ਮਜ਼ਦੂਰ ਸਭਾ ਨਾਲ ਵੀ ਆਪਣੀਆਂ ਸੰਵੇਦਨਾਵਾਂ ਦੀ ਸਾਂਝ ਪਾਈ।




