ਫੜ੍ਹਮਾਰ ਭਾਰਦਵਾਜ ਦੀ ਉੱਧੜਦੀ ਖਿੱਦੋ

0
5

ਨਵੀਂ ਦਿੱਲੀ (ਨ ਜ਼ ਸ)-ਕਰੀਬ ਤਿੰਨ ਲੱਖ 27 ਹਜ਼ਾਰ ਫਾਲੋਅਰਾਂ ਵਾਲਾ ਫੇਸਬੁਕ ਪੇਜ, ਕਰੀਬ ਇੱਕ ਲੱਖ 84 ਹਜ਼ਾਰ ਫਾਲੋਅਰਾਂ ਵਾਲਾ ਇੰਸਟਾਗ੍ਰਾਮ ਅਕਾਊਂਟ ਤੇ 6400 ਫਾਲੋਅਰਾਂ ਵਾਲਾ ਵੈਰੀਫਾਈਡ ਅਕਾਊਂਟ। 15 ਅਗਸਤ ਨੂੰ ਲਾਲ ਕਿਲ੍ਹੇ ‘ਤੇ “#sanatanihero” ਅਤੇ “#gaurakshak” ਵਰਗੇ ਹੈਸ਼ਟੈਗਾਂ ਨਾਲ ਤਸਵੀਰਾਂ। ਇਸ ਸਾਲ ਆਜ਼ਾਦੀ ਦਿਵਸ ਸਮਾਰੋਹ ਲਈ ਰੱਖਿਆ ਮੰਤਰਾਲੇ ਵੱਲੋਂ ਬਾਈ ਨੇਮ ਸੱਦਾ। 9 ਜੂਨ, 2024 ਨੂੰ ਨਰਿੰਦਰ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਲਈ ਸੱਦਿਆਂ ਦੀਆਂ ਤਸਵੀਰਾਂ। ਹਿੰਦੂਤਵ ਪ੍ਰਭਾਵਕ (ਇਨਫਲੂੰਸਰ) ਸਵਤੰਤਰ ਭਾਰਦਵਾਜ ਦੀ ਆਨਲਾਈਨ ਦੁਨੀਆ ਦਰਸਾਉਂਦੀ ਹੈ ਕਿ ਉਸ ਦੀ ਸ਼ੇਖੀ ਸਿਰਫ ਉਸ ਪੌਡਕਾਸਟ ਤੱਕ ਸੀਮਤ ਨਹੀਂ ਸੀ, ਜਿਸ ਵਿੱਚ ਉਸ ਨੇ ਜੰਤਰ-ਮੰਤਰ ਦੇ ਅੰਦੋਲਨ ਦੌਰਾਨ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਇੱਕ ਪ੍ਰਦਰਸ਼ਨਕਾਰੀ ਕੁੜੀ ਦੇ ਪਿਤਾ ਸੰਜੇ ਕੁਮਾਰ ਦਾ ਸਿਰ ਪਾੜਨ ਅਤੇ ਸਿਆਸਤਦਾਨਾਂ ਤੇ ਪੁਲਸ ਨਾਲ ਆਪਣੇ ਸੰਬੰਧਾਂ ਦਾ ਦਾਅਵਾ ਕੀਤਾ ਸੀ। ਉਸ ਨੇ ਪੌਡਕਾਸਟ ਵਿੱਚ ਇਹ ਦਾਅਵਾ ਵੀ ਕੀਤਾ ਸੀ, ‘ਮੇਰੀ ਜੁੱਤੀ ਦੇਖੋ? ਇਹ ਵੀ ਦਿੱਲੀ ਪੁਲਸ ਦੀ ਹੈ। ਬਿਨਾਂ ਕੋਈ ਫਾਰਮ ਭਰੇ, ਮੈਂ ਦਿੱਲੀ ਪੁਲਸ ਵਾਂਗ ਘੁੰਮਦਾ ਹਾਂ।’
ਇਸ ਹਫਤੇ ਦੇ ਸ਼ੁਰੂ ਵਿੱਚ ਸੋਸ਼ਲ ਮੀਡੀਆ ‘ਤੇ ਪੌਡਕਾਸਟ ਵੀਡੀਓ ਕਲਿੱਪਾਂ ਦੇ ਜੰਗਲ ਦੀ ਅੱਗ ਵਾਂਗ ਫੈਲਣ ਤੋਂ ਬਹੁਤ ਪਹਿਲਾਂ 22 ਸਾਲਾ ਭਾਰਦਵਾਜ ਨੇ ਭੜਕਾਊ ਪੋਸਟਾਂ ਤੇ ਸਿਆਸੀ ਨੇੜਤਾ ਦੇ ਪ੍ਰਦਰਸ਼ਨਾਂ ਨਾਲ ਕਾਫੀ ਫਾਲੋਅਰ ਬਣਾਏ ਸਨ। ਭਦਰਵਾਜ, ਜੋ ਆਪਣੇ ਆਪ ਨੂੰ ‘ਸਨਾਤਨ ਯੋਧਾ’ ਦੱਸਦਾ ਹੈ, ਨੂੰ ਸ਼ੁੱਕਰਵਾਰ ਯੂ ਪੀ ਦੇ ਬੁਲੰਦਸ਼ਹਿਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ, ਜਦੋਂ ਦਿੱਲੀ ਪੁਲਸ ਨੇ ਸੀ ਜੇ ਪੀ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਕੌਮੀ ਰਾਜਧਾਨੀ ਵਿੱਚ ਪ੍ਰਦਰਸ਼ਨ ਦੌਰਾਨ ਵਿਦਿਆਰਥਣ ਨਿਸ਼ੂ ਆਜ਼ਾਦ ਦੇ ਪਿਤਾ ਸੰਜੇ ਕੁਮਾਰ ‘ਤੇ ਹੋਏ ਹਮਲੇ ਦੇ ਸੰਬੰਧ ਵਿੱਚ ਉਸ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ। ਭਾਰਦਵਾਜ ਦੀ ਸੋਸ਼ਲ ਮੀਡੀਆ ਮੌਜੂਦਗੀ ‘ਤੇ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਪੌਡਕਾਸਟ ‘ਤੇ ਉਸ ਦੇ ਬਿਆਨ ਉਸ ਸ਼ਖਸੀਅਤ ਤੋਂ ਬਿਲਕੁਲ ਵੀ ਵੱਖਰੇ ਨਹੀਂ ਸਨ, ਜਿਹੜੀ ਉਸ ਨੇ ਆਪਣੀ ਬਣਾਈ ਹੋਈ ਹੈ। ਉਸ ਦਾ ਫੇਸਬੁਕ ਪੇਜ ਹਿੰਦੂਤਵ, ਗਊ ਰੱਖਿਆ ਨੂੰ ਬੜ੍ਹਾਵਾ ਦੇਣ ਅਤੇ ਮੁਸਲਮਾਨਾਂ ਤੇ ਸਰਕਾਰ ਦੇ ਆਲੋਚਕਾਂ ਉੱਤੇ ਹਮਲਿਆਂ ਨੂੰ ਹਵਾ ਦੇਣ ਵਾਲੀਆਂ ਪੋਸਟਾਂ ਅਤੇ ਸਿਆਸੀ ਹਸਤੀਆਂ ਤੇ ਸਰਕਾਰੀ ਸਮਾਗਮਾਂ ਨਾਲ ਉਸ ਦੀ ਨੇੜਤਾ ਨੂੰ ਦਰਸਾਉਂਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਹਿਰਾਸਤ ਵਿੱਚ ਲਏ ਜਾਣ ਤੋਂ ਇੱਕ ਦਿਨ ਪਹਿਲਾਂ ਭਾਰਦਵਾਜ ਨੇ ਹੁਣ ਨਾਕਾਰਾ ਹੋ ਚੁੱਕੇ ਇੰਸਟਾਗ੍ਰਾਮ ਪੇਜ ‘ਤੇ ਆਪਣੀ ਇੱਕ ਫੋਟੋ ਪੋਸਟ ਕੀਤੀ ਸੀ, ਜਿਸ ਵਿੱਚ ਉਸ ਦੇ ਗੁੱਟ ‘ਤੇ ਕੜਾ ਦਿਖਾਈ ਦੇ ਰਿਹਾ ਹੈ ਤੇ ਹੇਠਾਂ ਕੈਪਸ਼ਨ ਹੈ—ਫੀਲ ਦਾ ਪਾਵਰ! ਦਿੱਲੀ ਪੁਲਸ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਸੰਜੇ ਕੁਮਾਰ ਨੂੰ ਕਿਸੇ ਹਥਿਆਰ ਨਾਲ ਨਹੀਂ, ਸਗੋਂ ਕੜੇ ਨਾਲ ਜ਼ਖਮ ਹੋਇਆ ਸੀ।
ਭਾਰਦਵਾਜ ਦੀਆਂ ਸਿਆਸੀ ਆਗੂਆਂ ਨਾਲ ਤਸਵੀਰਾਂ ਵੀ ਹਨ, ਜਿਨ੍ਹਾਂ ਵਿੱਚ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ, ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ਼ਾਮਲ ਹਨ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਸ਼ੁੱਕਰਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਦਵਾਜ ਨੇ ਉਸ ਦੇ ਅਤੇ ਹੋਰ ਨੇਤਾਵਾਂ ਦੇ ਨਾਂਅ ਦੀ ਦੁਰਵਰਤੋਂ ਕੀਤੀ। ਉਸ ਨੇ ਭਾਰਦਵਾਜ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਪਾਸਵਾਨ ਨੇ ਕਿਹਾ, ‘ਦੋਸ਼ੀ ਵੱਲੋਂ ਘਾਤਕ ਹੋ ਸਕਦੇ ਹਮਲੇ ਦੀ ਗੱਲ ਮੰਨਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਇੱਕ ਮਾੜੀ ਉਦਾਹਰਣ ਪੇਸ਼ ਕਰਦਾ ਹੈ; ਮੈਂ ਪੀੜਤ ਪਰਵਾਰ ਲਈ ਨਿਆਂ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ।’
ਭਾਰਦਵਾਜ ਦੀਆਂ ਕਈ ਪੋਸਟਾਂ ਵਿੱਚ ਬੁਰਕਾ ਜਾਂ ਹਿਜਾਬ ਪਹਿਨਣ ਵਾਲੀਆਂ ਔਰਤਾਂ ਦੀਆਂ ਏ ਆਈ-ਜਨਰੇਟਡ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਪੌਡਕਾਸਟ ਵਿੱਚ ਉਸ ਨੇ ਸ਼ੇਖੀ ਮਾਰੀ ਸੀ ਕਿ ਮੁਸਲਮ ਔਰਤਾਂ ਉਸ ਤੋਂ ਮੂੰਹ ਨਹੀਂ ਮੋੜ ਸਕਦੀਆਂ।
22 ਮਈ ਨੂੰ ਪੋਸਟ ਕੀਤੀ ਗਈ ਇੱਕ ਖਾਸ ਤੌਰ ‘ਤੇ ਹਿੰਸਕ ਤਸਵੀਰ ਵਿੱਚ ਭਾਰਦਵਾਜ ਇੱਕ ਆਦਮੀ ਦੀ ਖੂਨ ਨਾਲ ਲੱਥਪੱਥ ਠੋਡੀ ਫੜੀ ਦਿਖਾਈ ਦੇ ਰਿਹਾ ਹੈ। ਨਾਲ ਸ਼ਬਦ ਹਨ : ਆ ਗਿਆ ਸਵਾਦ।
ਉਸ ਦਾ ਇੰਸਟਾਗ੍ਰਾਮ ਅਕਾਊਂਟ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਐੱਕਸ ‘ਤੇ ਉਸ ਦੀ ਜੀਵਨੀ ਵਿੱਚ ਲਿਖਿਆ ਹੈ : ਅਜੋਕਾ ਨੌਜਵਾਨ, ਜੋ ਆਪਣੇ ਧਰਮ ਅਤੇ ਰਾਸ਼ਟਰ ਦੇ ਵਿਰੁੱਧ ਕੁਝ ਵੀ ਬਰਦਾਸ਼ਤ ਨਹੀਂ ਕਰ ਸਕਦਾ।
ਭਾਰਦਵਾਜ ਦੀਆਂ ਕਈ ਪੁਰਾਣੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਉਨ੍ਹਾਂ ਵਿੱਚੋਂ ਕੁਝ ਵਿੱਚ ਉਹ ਮੁਸਲਮਾਨਾਂ ਅਤੇ ਸਰਕਾਰੀ ਆਲੋਚਕਾਂ ਵਿਰੁੱਧ ਭੜਕਾਊ ਬਿਆਨ ਦਿੰਦੇ ਸੁਣਿਆ ਜਾ ਸਕਦਾ ਹੈ। ਉਹ ਆਪਣੇ ਸਿਆਸੀ ਸੰਬੰਧਾਂ ਬਾਰੇ ਸ਼ੇਖੀ ਮਾਰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਹ ਗ੍ਰਿਫਤਾਰੀ ਤੋਂ ਨਹੀਂ ਡਰਦਾ। ਨਿਸ਼ੂ ਦੇ ਪਿਤਾ ਦਾ ਸਿਰ ਪਾੜਨ ਵਾਲੀ ਕਲਿੱਪ, ਜਿਸ ਨੇ ਸਭ ਦਾ ਧਿਆਨ ਖਿੱਚਿਆ, ਵਿੱਚ ਉਸ ਨੇ ਦਾਅਵਾ ਕੀਤਾ ਸੀ, ”ਕੀ ਤੁਸੀਂ ਜਾਣਦੇ ਹੋ ਕਿ ਇਸ ਅਪਰਾਧ ਲਈ ਕਿਹੜੀ ਧਾਰਾ ਲੱਗਦੀ ਹੈ? ਧਾਰਾ 307। ਉਸ ਨੂੰ 60 ਟਾਂਕੇ ਲੁਆਉਣੇ ਪਏ। ਉਸ ਨੂੰ ਗੰਭੀਰ ਹਾਲਤ ਵਿੱਚ ਐਂਬੂਲੈਂਸ ਵਿੱਚ ਲਿਜਾਇਆ ਜਾ ਰਿਹਾ ਸੀ। ਉਸ ਦੀ ਧੀ ਪੁਲਸ ਸਟੇਸ਼ਨ ਦੇ ਬਾਹਰ ਖੜ੍ਹੀ ਸੀ ਅਤੇ ਕਹਿ ਰਹੀ ਸੀ ਕਿ ਜੇ ਉਸ ਦੇ ਪਿਤਾ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ, ਪਰ ਮੈਨੂੰ ਜੇਲ੍ਹ ਵੀ ਨਹੀਂ ਹੋਈ। ਦੁਨੀਆ ਨੂੰ ਇਹ ਪਤਾ ਹੋਣਾ ਚਾਹੀਦਾ ਹੈ। ਮੈਂ ਰਾਤ ਭਰ ਬਾਹਰ ਘੁੰਮਦਾ ਰਿਹਾ।” ਫਿਰ ਉਸ ਨੇ ਕਈ ਨੇਤਾਵਾਂ ਦੇ ਨਾਂਅ ਲਏ ਅਤੇ ਸਮਝਾਇਆ ਕਿ ਉਸ ਨੂੰ ਚਿੰਤਾ ਕਰਨ ਦੀ ਲੋੜ ਕਿਉਂ ਨਹੀਂ ਸੀ। ਉਸ ਨੇ ਇਹ ਵੀ ਕਿਹਾ, ‘ਮੇਰੇ ਉੱਤੇ ਹਨੂੰਮਾਨ ਦਾ ਆਸ਼ੀਰਵਾਦ ਹੈ ਅਤੇ ਦੂਜਾ, ਕਪਿਲ ਮਿਸ਼ਰਾ ਮੇਰਾ ਵੱਡਾ ਭਰਾ ਹੈ। ਉਹ ਕਹਿੰਦੇ ਹਨ ਕਿ ਕਪਿਲ ਮਿਸ਼ਰਾ ਨੇ ਫੋਨ ਕੀਤਾ ਅਤੇ ਮੈਨੂੰ ਰਿਹਾਅ ਕਰ ਦਿੱਤਾ ਗਿਆ। ਚਿਰਾਗ ਪਾਸਵਾਨ ਮੇਰਾ ਵੱਡਾ ਭਰਾ ਹੈ। ਤੁਸੀਂ ਕਿੰਨੇ ਆਗੂਆਂ ਨੂੰ ਜਾਣਦੇ ਹੋ? ਕੀ ਤੁਸੀਂ ਮੋਦੀ ਜੀ ਨੂੰ ਜਾਣਦੇ ਹੋ? ਮੋਦੀ ਜੀ ਵੀ ਮੇਰੇ ਵੱਡੇ ਭਰਾ ਹਨ। ਮੈਨੂੰ ਸਾਰਿਆਂ ਦਾ ਸਮਰਥਨ ਹੈ।’
ਇਸ ਵੀਡੀਓ ਤੋਂ ਬਾਅਦ ਸ਼ੁੱਕਰਵਾਰ ਲੋਕਾਂ ਨੇ ਪਾਰਲੀਮੈਂਟ ਸਟਰੀਟ ਦੇ ਥਾਣੇ ਅੱਗੇ ਮੁਜ਼ਾਹਰਾ ਕੀਤਾ ਅਤੇ ਪੁਲਸ ਉਸ ਨੂੰ ਯੂ ਪੀ ਤੋਂ ਨੱਪਣ ਲਈ ਮਜਬੂਰ ਹੋਈ। ਸ਼ਨੀਵਾਰ ਦਿੱਲੀ ਪੁਲਸ ਨੇ ਭਾਰਦਵਾਜ ਨੂੰ ਰਸਮੀ ਤੌਰ ‘ਤੇ ਗ੍ਰਿਫਤਾਰ ਕਰ ਲਿਆ। ਸ਼ਨੀਵਾਰ ਹੀ ਭਾਰਦਵਾਜ ਦੇ ਸਮਰਥਕਾਂ ਦੀ ਇੱਕ ਭੀੜ ਨਵੀਂ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਇਕੱਠੀ ਹੋਈ ਅਤੇ ਮੰਗ ਕੀਤੀ ਕਿ ਉਸ ਵਿਰੁੱਧ ਐੱਸ ਸੀ/ਐੱਸ ਟੀ ਐਕਟ ਅਤੇ ਬਾਲ ਜਿਨਸੀ ਸ਼ੋਸ਼ਣ ਦੀਆਂ ਧਾਰਾਵਾਂ ਹਟਾਈਆਂ ਜਾਣ।